ਸਿੱਖ ਵਾਤਾਵਰਣ ਦਿਵਸ ਦੇ ਮੌਕੇ ਕੱਢੀ ਸਾਈਕਲ ਰੈਲੀ ਦਾ ਦ੍ਰਿਸ਼
ਸਿੱਖ ਵਾਤਾਵਰਣ ਦਿਵਸ ਦੇ ਮੌਕੇ ਕੱਢੀ ਸਾਈਕਲ ਰੈਲੀ ਦਾ ਦ੍ਰਿਸ਼
ਲੁਧਿਆਣਾ, 14 ਮਾਰਚ, 2018 (ਟੀਮ ਆਨਲਾਈਨ ਨਿਊਜ਼ ਲੁਧਿਆਣਾ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਸਰਾਭਾ ਨਗਰ, ਲੁਧਿਆਣਾ ਵਲੋਂ ਬਣਾਈ ਗਏ ਬਾਜ ਸਾਈਕਲਿੰਗ ਕਲੱਬ ਵਲੋਂ ਸਿੱਖ ਵਾਤਾਵਰਨ ਦਿਵਸ ਦੇ ਮੌਕੇ ਤੇ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਸਾਈਕਲ ਨੂੰ ਇਕ ਪ੍ਰਦੂਸ਼ਣ ਰਹਿਤ ਆਵਾਜਾਈ ਸਾਧਨ ਦੇ ਤੌਰ 'ਤੇ ਪ੍ਰਚੱਲਤ ਕਰਨਾ ਹੈ।

ਇਹ ਰੈਲੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਸਰਾਭਾ ਨਗਰ, ਲੁਧਿਆਣਾ ਤੋਂ ਤਕਰੀਬਨ ਸਵੇਰੇ 7:30 ਵਜੇ ਆਰੰਭ ਹੋ ਕੇ ਭਾਈ ਰਧਣੀਰ ਸਿੰਘ ਨਗਰ ਦੇ ਈ-ਬਲਾਕ, ਐਚ-ਬਲਾਕ, ਜੇ-ਬਲਾਕ, ਆਈ-ਬਲਾਕ ਅਤੇ ਹਾਊਸਿੰਗ ਬੋਰਡ ਕਲੋਨੀ ਦੇ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸਰਾਭਾ ਨਗਰ ਵਿਖੇ ਸਮਾਪਤ ਹੋਈ। ਇਸ ਮੌਕੇ ਬੀਬੀਆਂ ਅਤੇ ਬੱਚਿਆਂ ਸਮੇਤ ਸੰਗਤ ਨੇ ਹਿੱਸਾ ਲਿਆ।

ਇਸ ਰੈਲੀ ਦੌਰਾਨ ਗੁਰਦੁਆਰਾ ਸਾਹਿਬ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਬਲਿਹਾਰੀ ਕੁਦਰਤ ਵਸਿਆ' ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ ਪੌਦੇ ਵੀ ਲਗਵਾਏ ਗਏ ਅਤੇ ਨਾਲ ਹੀ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਬੇਨਤੀ ਵੀ ਕੀਤੀ ਗਈ ਕਿ ਉਹ ਵੀ ਆਪਣੇ ਆਪਣੇ ਇਲਾਕੇ ਵਿਚ ਪੌਦੇ ਲਗਵਾਉਣ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਹੋਰ ਉਪਰਾਲੇ ਆਰੰਭ ਕਰਨ। ਗੁਰਦੁਆਰਾ ਸਰਾਭਾ ਨਗਰ ਵਲੋਂ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਆਸਵਾਸਨ ਦਿੱਤਾ ਗਿਆ ਕਿ ਪੌਦੇ ਲਗਵਾਉਣ ਸਬੰਧੀ ਜਿਸ ਕਿਸੇ ਵੀ ਮਦਦ ਦੀ ਜ਼ਰੂਰਤ ਹੋਵੇ ਗੁਰਦੁਆਰਾ ਉਸ ਲਈ ਹਮੇਸਾਂ ਹਾਜ਼ਰ ਹੈ।

ਗੁਰਦੁਆਰਾ ਸਰਾਭਾ ਨਗਰ ਦੇ ਪ੍ਰਧਾਨ ਬਲਬੀਰ ਸਿੰਘ ਨੇ ਆਪਣੇ ਸੰਦੇਸ਼ ਵਿਚ ਸੰਗਤ ਨੂੰ ਕਿਹਾ ਕਿ ਵਾਤਾਵਰਨ ਦੀ ਸੰਭਾਲ ਇਸ ਸਮੇਂ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਹੁਣ ਵੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਕੰਢੇ ਬੀਜ ਕੇ ਜਾਵਾਂਗੇ। ਇਸ ਰੈਲੀ ਵਿਚ ਗੁਰਦੁਆਰਾ ਸਾਹਿਬ ਦੇ ਸਬਾਕਾ ਪ੍ਰਧਾਨ ਸਿੰਗਾਰਾ ਸਿੰਘ, ਜੁਗਿੰਦਰ ਸਿੰਘ ਨਾਗਪਾਲ, ਜਤਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਰਵਿੰਦਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਵੀ ਭਾਗ ਲਿਆ।