Home >> ਖੇਤੀਬਾੜੀ ਅਤੇ ਬਾਗਬਾਨੀ >> ਨੀਲ ਕਮਲ ਸੋਨੂੰ >> ਪੰਜਾਬੀ ਖ਼ਬਰਾਂ >> ਪੀਏਯੂ >> ਪੀਏਯੂ ਵਿਖੇ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਬਾਰੇ ਵਰਕਸ਼ਾਪ ਆਰੰਭ
ਲੁਧਿਆਣਾ, 31 ਮਈ 2017 (ਨੀਲ ਕਮਲ ਸੋਨੂੰ): ਸਬਜ਼ੀਆਂ, ਫੁੱਲਾਂ, ਰੇਸ਼ਮ, ਤੁੜਾਈ ਉਪਰੰਤ ਫ਼ਸਲ ਪ੍ਰਬੰਧ, ਖੇਤ ਮਸ਼ੀਨਰੀ, ਭੋਜਨ ਤਕਨਾਲੋਜੀ ਅਤੇ ਖੇਤੀਬਾੜੀ ਅਰਥ ਵਿਵਸਥਾ ਨਾਲ ਸੰਬੰਧਿਤ ਦੋ ਦਿਨਾਂ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਖੋਜ ਦੇ ਵਿਕਾਸ ਅਤੇ ਸੰਭਾਵਨਾਵਾਂ ਦੀ ਚਰਚਾ ਕੀਤੀ। ਉਹਨਾਂ ਕਿਹਾ ਕਿ ਇਹਨਾਂ ਦੀ ਖੇਤੀ ਫ਼ਸਲੀ ਵਿਭਿੰਨਤਾ, ਰੁਜ਼ਗਾਰ, ਆਮਦਨ ਅਤੇ ਨਿਰਯਾਤ ਦੇ ਵਾਧੇ ਵਿੱਚ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਉਦਘਾਟਨੀ ਸ਼ੈਸ਼ਨ ਮੌਕੇ ਰਾਜ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀ, ਜ਼ਿਲੇ ਦੇ ਪਸਾਰ ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ ਅਤੇ ਯੂਨੀਵਰਸਿਟੀ ਦੇ ਡੀਨ, ਨਿਰਦੇਸ਼ਕ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।

ਡਾ. ਢਿੱਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਪੈਦਾਵਾਰ ਅਤੇ ਸੁਰੱਖਿਆ ਸਹੀ ਖੇਤੀ ਲਾਗਤਾਂ ਦੇ ਨੁਕਤੇ ਤੋਂ ਮਹੱਤਵਪੂਰਨ ਹਨ। ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਇਸ ਪੱਖੋਂ ਕਿਸਾਨਾਂ ਨੂੰ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਆਰਥਿਕਤਾ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇਸ ਤੋਂ ਇਲਾਵਾ ਡਾ. ਢਿੱਲੋਂ ਨੇ ਵਿਗਿਆਨੀਆਂ ਨੂੰ ਰੇਸ਼ਮ ਉਤਪਾਦਨ ਦੀ ਦਿਸ਼ਾ ਵਿੱਚ ਖੋਜ ਕਰਨ ਲਈ ਕਿਹਾ ਅਤੇ ਪਸਾਰ ਮਾਹਿਰਾਂ ਨੂੰ ਸਬਜ਼ੀ ਕਾਸ਼ਤਕਾਰਾਂ ਲਈ ਸਹਿਯੋਗੀ ਮੰਡੀਕਰਨ ਅਤੇ ਮਸ਼ੀਨੀਕਰਨ ਨੂੰ ਵਧਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੀਏਯੂ ਹਮੇਸ਼ਾਂ ਤੋਂ ਹੀ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਿਤ ਵਿਭਾਗਾਂ ਨਾਲ ਆਪਣੇ ਸੰਬੰਧ ਬਨਾਉਣ ਵਿੱਚ ਇੱਕ ਮਿਸਾਲ ਬਣੀ ਹੈ।

ਬਾਗਬਾਨੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਪੀ ਐਸ ਔਲਖ ਨੇ ਸਬਜ਼ੀਆਂ ਅਤੇ ਫੁੱਲਾਂ ਨਾਲ ਸੰਬੰਧਿਤ ਖੇਤੀ ਦੇ ਟੀਚੇ ਅਤੇ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਕਿਹਾ ਤੁੜਾਈ ਉਪਰੰਤ ਫ਼ਸਲਾਂ ਨੂੰ ਸੰਭਾਲਣਾ ਇੱਕ ਮਹੱਤਵਪੂਰਨ ਮੁੱਦਾ ਹੈ। ਉਹਨਾਂ ਨੈੱਟ ਅਤੇ ਪੌਲੀਹਾਊਸ ਦੀ ਆਰਥਿਕਤਾ ਸੰਬੰਧੀ ਆਰਥਿਕ ਨੁਕਤਿਆਂ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸੁਰੱਖਿਅਤ ਖੇਤੀ ਕਿਸਾਨਾਂ ਲਈ ਲਾਹੇ ਦੀ ਖੇਤੀ ਦਾ ਇਕ ਰਾਹ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸਬਜ਼ੀਆਂ ਵਿੱਚ ਜੈਵਿਕ ਖਾਦਾਂ ਦੀ ਵਰਤੋਂ, ਗੇਂਦੇ ਦੀਆਂ ਗਰਮੀ ਰੁੱਤ ਦੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕਰਨ, ਪ੍ਰੋਸੈਸਿੰਗ ਲਈ ਆਲੂ ਦੀਆਂ ਕਿਸਮਾਂ ਦਾ ਵਿਕਾਸ, ਸਬਜ਼ੀਆਂ ਨੂੰ ਕੱਟਣ ਲਈ ਉਚ ਪੱਧਰੀ ਮਸ਼ੀਨਰੀ ਦੀ ਵਰਤੋਂ ਅਤੇ ਸੂਬੇ ਵਿੱਚ ਖੁੰਬ ਕਾਸ਼ਤਕਾਰੀ ਵਿੱਚ ਸਹਿਯੋਗ ਦੀ ਗੱਲ ਕੀਤੀ। ਉਹਨਾਂ ਨੇ ਸੂਬੇ ਵਿੱਚ ਰੇਸ਼ਮ ਉਤਪਾਦਨ ਦੇ ਖੇਤਰ ਵਿੱਚ ਖੋਜ ਕਰਨ ਲਈ ਸੁਝਾਅ ਦਿੱਤਾ।

ਪੀਏਯੂ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀਆਂ ਨਵੀਆਂ ਫ਼ਸਲ ਦੀਆਂ ਕਿਸਮਾਂ ਬਾਰੇ ਚਾਨਣਾ ਪਾਉਦਿਆਂ ਖਰਬੂਜ਼ੇ ਦੀ ਐਮ ਐਚ-51, ਬੈਂਗਣ ਦੀ ਪੀ ਬੀ ਐਚ ਐਲ-52, ਟਮਾਟਰ ਦੀ ਪੰਜਾਬ ਸੋਨਾ ਚੈਰੀ ਅਤੇ ਪੰਜਾਬ ਕੇਸਰ ਚੈਰੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਭਿੰਡੀ ਦੀ ਪੀ ਓ ਐਲ-6, ਘੀਏ ਦੀ ਪੀ ਬੀ ਓ ਜੀ-7, ਕਰੇਲੇ ਦੀ ਪੰਜਾਬ ਝਾੜ ਕਰੇਲਾ-1, ਪੈਂਜ਼ੀ ਦੀ ਪੰਜਾਬ ਸੁਨੈਨਾ ਅਤੇ ਪੰਜਾਬ ਨੀਲਮਾ ਅਤੇ ਗੇਂਦੇ ਦੀ ਪੰਜਾਬ ਗੇਂਦਾ ਨੰ.1 ਆਦਿ ਕਿਸਮਾਂ ਸੂਬਾ ਪੱਧਰੀ ਕਿਸਮ ਪ੍ਰਵਾਨਗੀ ਕਮੇਟੀ ਦੇ ਕੋਲ ਪ੍ਰਵਾਨਗੀ ਦੇ ਲਈ ਜਾ ਚੁੱਕੀਆਂ ਹਨ। ਉਹਨਾਂ ਨੇ ਭਿੰਨ-ਭਿੰਨ ਪ੍ਰਕਾਰ ਦੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਵੀ ਵਿਚਾਰ-ਚਰਚਾ ਕੀਤੀ।

ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਨੇ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਵਾਲੇ ਵਿਗਿਆਨੀਆਂ, ਅਫ਼ਸਰਾਂ, ਪਸਾਰ ਮਾਹਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਤੀ ਖੋਜਾਂ ਨੂੰ ਨਵੀਆਂ ਸੇਧਾਂ ਦੇਣ ਲਈ ਇਹੋ ਜਿਹੀਆਂ ਵਰਕਸ਼ਾਪਾਂ ਬਹੁਤ ਮਹੱਤਵਪੂਰਨ ਹਨ।

ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਐਸ ਬੁੱਟਰ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਰਾਹੀਂ ਪਸਾਰ ਮਾਹਿਰਾਂ ਤੋਂ ਜਾਣਕਾਰੀ ਮਿਲਦੀ ਹੈ ਜਿਸਦੇ ਅਧਾਰ ਤੇ ਨਵੀਆਂ ਖੋਜਾਂ ਕੇਂਦਰਿਤ ਕੀਤੀਆਂ ਜਾ ਸਕਦੀਆਂ ਹਨ।

ਇਸ ਮੌਕੇ ਫ਼ਲਾਂ ਦੇ ਪੌਦਿਆਂ ਅਤੇ ਮੌਸਮੀ ਫੁੱਲਾਂ ਨਾਲ ਸੰਬੰਧਿਤ ਦੋ ਕੈਲੰਡਰ ਵੀ ਜਾਰੀ ਕੀਤੇ ਗਏ। ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੁਆਰਾ ਬਾਗਬਾਨੀ ਦੀਆਂ ਨਵੀਆਂ ਕਿਸਮਾਂ ਅਤੇ ਉਹਨਾਂ ਦੀਆਂ ਉਤਪਾਦਨ ਸੁਰੱਖਿਆ ਤਕਨੀਕਾਂ ਬਾਰੇ ਪ੍ਰਦਰਸ਼ਨੀ ਲਗਾਈ ਗਈ।
Next
Newer Post
Previous
This is the last post.