Home >> ਖੇਤੀਬਾੜੀ ਅਤੇ ਬਾਗਬਾਨੀ >> ਨੀਲ ਕਮਲ ਸੋਨੂੰ >> ਪੰਜਾਬੀ ਖ਼ਬਰਾਂ >> ਪੀਏਯੂ >> ਪੀਏਯੂ ਵਿਖੇ ਅਨਾਜ ਤਕਨਾਲੋਜੀ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ
ਲੁਧਿਆਣਾ, 31 ਮਈ 2017 (ਨੀਲ ਕਮਲ ਸੋਨੂੰ): ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਸਾਂਝੇ ਉਦਮ ਸਦਕਾ ਦਲਿਤ ਵਰਗ ਲਈ ਅਨਾਜ ਤਕਨਾਲੋਜੀ ਨਾਲ ਸੰਬੰਧਤ 23-25 ਮਈ ਤੱਕ ਤਿੰਨ ਦਿਨਾਂ ਸਿਖਲਾਈ ਕੋਰਸ ਲਗਾਇਆ ਗਿਆ ਜਿਸ ਵਿੱਚ 25 ਸਿਖਿਆਰਥੀਆਂ ਨੇ ਭਾਗ ਲਿਆ। ਸੀਨੀਅਰ ਸਬਜ਼ੀ ਤਕਨਾਲੋਜਿਸਟ ਅਤੇ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਆਏ ਹੋਏ ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਇਆ।
ਸੀਨੀਅਰ ਮਿਲਿੰਗ ਵਿਗਿਆਨੀ ਡਾ. ਅਮਰਜੀਤ ਕੌਰ ਨੇ ਵਧੇਰੇ ਲਾਹਾ ਲੈਣ ਲਈ ਅਨਾਜ ਦੀ ਪ੍ਰੋਸੈਸਿੰਗ ਸੰਬੰਧੀ ਵਿਸ਼ੇਸ਼ ਭਾਸ਼ਨ ਦਿੱਤਾ। ਸੀਨੀਅਰ ਬੇਕਿੰਗ ਵਿਗਿਆਨੀ ਡਾ. ਬਲਜੀਤ ਸਿੰਘ ਨੇ ਬਚੇ ਹੋਏ ਖਾਦ ਪਦਾਰਥਾਂ ਤੋਂ ਅਲੱਗ-ਅਲੱਗ ਕਿਸਮਾਂ ਦੇ ਸਨੈਕਸ ਅਤੇ ਦਲੀਆ ਬਣਾਉਣ ਦੀ ਜਾਣਕਾਰੀ ਦਿੱਤੀ।

ਬੇਕਿੰਗ ਤਕਨੀਕਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਸਹਾਇਕ ਪ੍ਰੋਫੈਸਰ ਡਾ. ਗੁਰਕੀਰਤ ਕੌਰ ਅਤੇ ਸਹਾਇਕ ਭੋਜਨ ਤਕਨਾਲੋਜੀ ਮਾਹਿਰ ਡਾ. ਜਸਪ੍ਰੀਤ ਕੌਰ ਨੇ ਬਿਸਕੁਟ ਅਤੇ ਕੇਕ ਬਣਾਉਣ ਦੀ ਪ੍ਰੀਕਿਰਿਆ ਬਾਰੇ ਦੱਸਿਆ। ਸਹਾਇਕ ਪ੍ਰੋਫੈਸਰ ਡਾ. ਕਮਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਅਨਾਜ ਪਦਾਰਥਾਂ ਦੇ ਨਾਲ ਸਿਹਤ ਨੂੰ ਹੋਣ ਵਾਲੇ ਲਾਭ ਅਤੇ ਰਲਵਾਂ ਆਟਾ ਬਨਾਉਣ ਬਾਰੇ ਜਾਣਕਾਰੀ ਦਿੱਤੀ।

ਡਾ. ਸਵਿਤਾ ਸ਼ਰਮਾ ਨੇ ਸਿਖਿਆਰਥੀਆਂ ਨੂੰ ਪਾਸਤਾ ਅਤੇ ਨੂਡਲਜ਼ ਬਣਾਉਣ ਦੀ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਖੋਜ ਸਹਾਇਕ ਰਾਹੁਲ ਗੁਪਤਾ ਦੀ ਅਗਵਾਈ ਹੇਠ ਸਿਖਿਆਰਥੀਆਂ ਨੂੰ ਭੋਜਨ ਉਦਯੋਗ ਕੇਂਦਰ ਅਤੇ ਲੈਬਾਰਟਰੀਆਂ ਦਾ ਦੌਰਾ ਵੀ ਕਰਵਾਇਆ ਗਿਆ।