ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਪਹਿਲੀ ਫਲਾਈਟ ਤੋਂ ਲੁਧਿਆਣਾ ਆਏ ਯਾਤਰੀਆਂ ਦਾ ਸਵਾਗਤ ਕਰਦੇ ਲੋਕਸਭਾ ਸਾਂਸਦ ਰਵਨੀਤ ਬਿੱਟੂ ਅਤੇ ਹੋਰ
ਸਾਹਨੇਵਾਲ ਤੋਂ ਦਿੱਲੀ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਤੋਂ ਆਈ ਪਹਿਲੀ ਫਲਾਈਟ ਤੋਂ ਲੁਧਿਆਣਾ ਆਏ ਯਾਤਰੀਆਂ ਦਾ ਸਵਾਗਤ ਕਰਦੇ ਲੋਕਸਭਾ ਸਾਂਸਦ ਰਵਨੀਤ ਬਿੱਟੂ ਅਤੇ ਹੋਰ
ਲੁਧਿਆਣਾ, 02 ਸਤੰਬਰ 2017 (ਤਰਵਿੰਦਰ ਕੌਰ): ਸ਼ਹਿਰ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿਕਾਸ ਨੂੰ ਉਸ ਵੇਲੇ ਹੋਰ ਹੁਲਾਰਾ ਮਿਲ ਗਿਆ, ਜਦੋਂ ਲੰਮੇ ਸਮੇਂ ਤੋਂ ਬੰਦ ਪਈ ਸਾਹਨੇਵਾਲ-ਦਿੱਲੀ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਗਈ। ਅੱਜ ਬਾਅਦ ਦੁਪਹਿਰ 1.50 ਵਜੇ ਜਿਉਂ ਹੀ ਅਲਾਂਇੰਸ ਏਅਰ ਦੀ ਫਲਾਈਟ ਨੇ ਸਾਹਨੇਵਾਲ ਹਵਾਈ ਅੱਡੇ ਦੇ ਰੰਨਵੇਅ ਨੂੰ ਛੂਹਿਆ ਤਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕਾਂ, ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸੈਂਕੜੇ ਇਲਾਕਾ ਨਿਵਾਸੀਆਂ ਨੇ ਤਾੜੀਆਂ ਅਤੇ ਫੁੱਲਾਂ ਗੁਲਦਸਤਿਆਂ ਨਾਲ ਇਸ ਦਾ ਸਵਾਗਤ ਕੀਤਾ।

ਇਸ ਮੌਕੇ ਖੁਸ਼ੀ ਵਿੱਚ ਗਦ-ਗਦ ਹੋਏ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣ ਲਈ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ, ਉਸ ਦੇ ਪਹਿਲੇ ਦਿਨ ਤੋਂ ਹੀ ਚੋਣ ਵਾਅਦੇ ਪੂਰੇ ਕਰਨ ਦੀ ਸ਼ੁਰੂਆਤ ਕੀਤੀ ਹੋਈ ਹੈ। ਊਡਾਨ ਯੋਜਨਾ ਤਹਿਤ ਸ਼ੁਰੂ ਹੋਈ ਇਸ ਹਵਾਈ ਸੇਵਾ ਲਈ ਪੰਜਾਬ ਸਰਕਾਰ ਨੇ ਕੇਂਦਰੂ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਰੂਟ ਨੂੰ ਸ਼ੁਰੂ ਕਰਨ ਨਾਲ ਜੇਕਰ ਹਵਾਈ ਕੰਪਨੀਆਂ ਨੂੰ ਸਵਾਰੀਆਂ ਦੀ ਕਮੀ ਕਾਰਨ ਘਾਟਾ ਪਵੇਗਾ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਬਣਦਾ ਹਿੱਸਾ ਪਾ ਕੇ ਪੂਰਾ ਕੀਤਾ ਜਾਵੇਗਾ।

ਸਾਂਸਦ ਬਿੱਟੂ ਨੇ ਕਿਹਾ ਕਿ ਸਾਹਨੇਵਾਲ ਤੋਂ ਅੱਜ ਤੋਂ ਸ਼ੁਰੂ ਹੋਈ ਘਰੇਲੂ ਹਵਾਈ ਸੇਵਾ ਨੂੰ ਹੁਣ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਪੰਜਾਬ ਵਾਸੀਆਂ ਵੱਲੋਂ ਇਸ ਹਵਾਈ ਸੇਵਾ ਦਾ ਪੂਰਾ ਲਾਭ ਲਿਆ ਗਿਆ ਤਾਂ ਜਲਦ ਹੀ ਏਅਰ ਡੈਕਨ ਕੰਪਨੀ ਵੱਲੋਂ ਵੀ ਸਾਹਨੇਵਾਲ ਹਵਾਈ ਅੱਡੇ ਤੋਂ ਆਪਣੇ ਜਹਾਜ਼ ਚਲਾਏ ਜਾਣਗੇ। ਉਨਾਂ ਕਿਹਾ ਕਿ ਫਿਲਹਾਲ ਇਹ ਹਵਾਈ ਸੇਵਾ ਹਫ਼ਤੇ ਵਿੱਚ 4 ਦਿਨਾਂ ਲਈ ਚਲਾਈ ਗਈ ਹੈ, ਯਾਤਰੀਆਂ ਦੀ ਮੰਗ 'ਤੇ ਇਸ ਨੂੰ ਵਧਾਇਆ ਜਾਵੇਗਾ। ਅੱਜ ਦੀ ਫਲਾਈਟ ਵਿੱਚ ਦਿੱਲੀ ਤੋਂ 41 ਯਾਤਰੀ ਸਾਹਨੇਵਾਲ ਪਹੁੰਚੇ ਜਦਕਿ ਵਾਪਸੀ ਸਮੇਂ 48 ਯਾਤਰੀਆਂ ਨੇ ਸਾਹਨੇਵਾਲ ਤੋਂ ਦਿੱਲੀ ਲਈ ਉਡਾਨ ਭਰੀ।

ਇਸ ਮੌਕੇ ਪਹੁੰਚੇ ਯਾਤਰੀਆਂ ਨੇ ਇਸ ਉਡਾਣ ਦੇ ਸ਼ੁਰੂ ਹੋਣ ਨੂੰ ਇੱਕ ਸਕੂਨ ਦੇਣ ਵਾਲੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਲੋਕਾਂ ਦੇ ਨਾਲ-ਨਾਲ ਸਨਅਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਇਸ ਨਾਲ ਸ਼ਹਿਰ ਦੇ ਨਾਲ-ਨਾਲ ਸਮੁੱਚੇ ਇਲਾਕੇ ਦੇ ਆਰਥਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ। ਲੁਧਿਆਣਾ ਦੀ ਹੁਣ ਦੇਸ਼ ਅਤੇ ਵਿਦੇਸ਼ ਦੇ ਹੋਰ ਸ਼ਹਿਰਾਂ ਨਾਲ ਨੇੜਤਾ ਹੋਰ ਵਧ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ, ਅਮਰੀਕ ਸਿੰਘ ਢਿੱਲੋਂ, ਸੰਜੇ ਤਲਵਾੜ (ਸਾਰੇ ਵਿਧਾਇਕ), ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜੀਵ ਰਾਜਾ, ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਭੁਪਿੰਦਰ ਸਿੰਘ ਸਿੱਧੂ, ਹਵਾਈ ਅੱਡੇ ਦੇ ਡਾਇਰੈਕਟਰ ਏ. ਐੱਨ. ਸ਼ਰਮਾ, ਟਰਮੀਨਲ ਮੈਨੇਜਰ ਮਹੇਸ਼ ਬੱਬਰ, ਡਿਪਟੀ ਡਾਇਰੈਕਟਰ ਅਮਰਦੀਪ ਨਹਿਰਾ, ਐੱਸ. ਡੀ. ਐੱਮ. ਅਮਰਜੀਤ ਬੈਂਸ, ਕਾਂਗਰਸੀ ਆਗੂ ਸੁਨੀਲ ਮਹਿਰਾ, ਲੀਨਾ ਟਪਾਰੀਆ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।