Home >> ਸੱਭਿਆਚਾਰ >> ਸੁੰਦਰਤਾ ਮੁਕਾਬਲਾ >> ਪੰਜਾਬੀ ਖ਼ਬਰਾਂ >> ਮਨੀਸ਼ਾ ਸ਼ਰਮਾਂ >> ਮਿਸ ਵਰਲਡ ਪੰਜਾਬਣ >> ਪਹਿਲੀ ਵਾਰ ਹੋਵੇਗਾ ਕੈਨੇਡਾ ਵਿਚ ਅੰਤਰ-ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ਮਿਸ ਵਰਲਡ ਪੰਜਾਬਣ-2017
ਮਿਸ ਵਰਲਡ ਪੰਜਾਬਣ ਟਰਾਫੀ
ਮਿਸ ਵਰਲਡ ਪੰਜਾਬਣ ਟਰਾਫੀ
ਕੈਨੇਡਾ ਤੋਂ ਇਲਾਵਾ ਭਾਰਤ, ਅਮਰੀਕਾ, ਆਸਟਰੇਲੀਆਂ, ਨਿਊਜ਼ੀਲੈਂਡ ਤੇ ਯੁਰੋਪ ਤੋਂ ਵੀ ਮਟਿਆਰਾਂ ਲੈਣਗੀਆਂ ਹਿੱਸਾ

ਬਰੈਮਪਟਨ, ਲਧਿਆਣਾ, 01 ਸਤੰਬਰ 2017 (ਮਨੀਸ਼ਾ ਸ਼ਰਮਾ): ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਬਾਤ ਪਾਉਦਾਂ ਅੰਤਰ-ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ਮਿਸ ਵਰਲਡ ਪੰਜਾਬਣ- 2017 ਇਸ ਵਰੇ 11 ਨਵੰਬਰ ਦਿਨ ਸ਼ਨੀਵਾਰ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸ਼ਾਨੋ-ਸ਼ੋਕਤ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਦੀਆਂ ਸੁੰਦਰ-ਸੁਸ਼ੀਲ ਪੰਜਾਬੀ ਮਟਿਆਰਾਂ ਦਾ ਇਕੋ ਇਕ ਵਕਾਰੀ ਤੇ ਦਿਲਚਸਪ ਮੁਕਾਬਲਾ ਪੰਜਾਬੀ ਸਿਰਮੋਰ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵਲੋਂ ਸਾਲ 1993 ਤੋਂ ਲਗਾਤਾਰ ਕਰਵਾਇਆ ਜਾਂਦਾ ਆ ਰਿਹਾ ਹੈ।

ਇਸ ਮੁਕਾਬਲੇ ਦੀਆਂ ਤਿਆਰੀਆਂ ਬਾਰੇ ਸੱਥ ਦੀ ਇਕ ਮੀਟਿੰਗ ਉਪਰੰਤ ਬਰੈਮਪਟਨ ਤੇ ਲੁਧਿਆਣਾ ਤੋਂ ਇਕੋ ਸਮੇਂ ਜਾਰੀ ਇਕ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ "ਪੰਜਾਬਣ" ਮੁਕਾਬਲਿਆਂ ਦੇ ਬਾਨੀ ਤੇ ਚੇਅਰਮੈਨ ਡਾਇਰੈਕਟਰ ਜਸਮੇਰ ਸਿੰਘ ਢੱਟ ਤੇ ਵਤਨੋ ਦੂਰ ਕੈਨੇਡਾ ਦੇ ਕਰਤਾ ਧਰਤਾ ਸੁੱਖੀ ਨਿੱਝਰ ਨੇ ਦਸਿਆ ਕਿ ਕਰੀਬ ਪੱਚੀ ਸਾਲ ਤੋਂ ਭਾਰਤ ਵਿਚ ਹੁੰਦਾ ਆ ਰਿਹਾ ਇਹ ਮੁਕਾਬਲਾ ਪਹਿਲੀ ਵਾਰ ਵਿਦੇਸ਼ੀ ਵਸਦੇ ਪੰਜਾਬੀਆਂ ਦੇ ਸੱਦੇ ਤੇ ਮਿਸੀਸਾਗਾ ਦੇ ਖੂਬਸੂਰਤ ਆਡੀਟੋਰੀਅਮ "ਲਿਵੰਗ ਆਰਟ ਸੈਂਟਰ" ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਉਹਨਾਂ ਦਸਿਆ ਕਿ ਕਿਸੇ ਵੀ ਦੇਸ਼ ਵਿਚ ਰਹਿਣ ਵਾਲੀ ਮੁਟਿਆਰ ਜੋ ਮੁਕਾਬਲੇ ਦੀਆਂ ਯੋਗਤਾਵਾਂ ਪੂਰੀ ਕਰਦੀ ਹੋਵੇ ਵੈਬ ਸਾਈਟ 'ਮਿਸ ਵਲਰਡ ਪੰਜਾਬਣ ਡਾਟ ਕਾਮ' ਤੋਂ ਦਾਖਲਾ ਫਾਰਮ ਡਾਊਨਲੋਡ ਕਰਕੇ ਅਰਜ਼ੀ ਭੇਜ ਸਕਦੀ ਹੈ। ਉਹਨਾਂ ਇਹ ਵੀ ਦਸਿਆ ਕਿ ਭਾਰਤ ਤੋਂ ਬਾਹਰ ਕੁਝ ਮੁਲਕਾਂ ਵਿਚ ਫਾਈਨਲ ਮੁਕਾਬਲੇ ਲਈ ਪ੍ਰਤੀਯੋਗੀਆਂ ਦੀ ਚੋਣ ਦਾ ਸਿਲਸਲਾ ਜਾਰੀ ਹੈ। ਪੰਜਾਬ ਅਤੇ ਦੂਸਰਿਆਂ ਸੂਬਿਆਂ' ਚੋਂ ਪ੍ਰਤੀਯੋਗੀਆਂ ਦੀ ਚੋਣ ਸੰਤਬਰ ਮਹੀਨੇ ਕੀਤੀ ਜਾਵੇਗੀ।

ਸੱਥ ਦੇ ਸਕੱਤਰ ਜਨਰਲ ਤੇ ਪ੍ਰੋ: ਨਿਰਮਲ ਜੌੜਾ ਨੇ ਕਿਹਾ ਕਿ "ਵਿਸ਼ਵ ਪੰਜਾਬਣ" ਸਿਰਫ ਸੁਹੱਪਣ ਤੇ ਲਿਆਕਤ ਦਾ ਮੁਕਾਬਲਾ ਨਹੀਂ ਸਗੋ ਪੰਜਾਬੀ ਮੁਟਿਆਰਾਂ ਨੂੰ ਅਪਣੀ ਬੋਲੀ, ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਖੂਬਸੂਰਤ ਪਲੇਟਫਾਰਮ ਹੈ। ਭਰੂਣ ਹਤਿਆ ਵਰਗੀਆਂ ਲਾਹਨਤਾਂ ਦੇ ਵਿਰੁਧ ਲਾਮਬੰਧ ਹੋਣ ਤੇ ਅਸ਼ਲੀਲਤਾ ਰਹਿਤ ਨਿਰੋਗ ਸਮਾਜ ਦੀ ਸਿਰਜਣਾ ਵਾਸਤੇ ਅਜਿਹੇ ਸ਼ੋਅ ਆਯੋਜਿਤ ਕਰਨੇ ਸਮੇਂ ਦੀ ਲੋੜ ਹੈ।

ਵਤਨੋਂ ਦੂਰ ਦੇ ਤਲਵਿੰਦਰ ਨਿੱਝਰ ਨੇ ਦਸਿਆ ਕਿ ਮੁੱਖ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਪੀ ਟੀ ਸੀ ਪੰਜਾਬੀ ਅਤੇ ਇੰਟਰਨੈਟ ਰਾਹੀਂ ਪੂਰੀ ਦੁਨੀਆਂ ਵਿਚ ਹੋਵੇਗਾ। ਮੁਕਾਬਲੇ ਵਿਚ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਆਦਿ ਦੇਸ਼ਾਂ ਤੋਂ ਚੁਣੀਆਂ ਪੰਜਾਬਣਾਂ ਅਪਣੇ ਹੁਨਰ ਦਾ ਪ੍ਰਗਟਾਵਾ ਕਰਕੇ ਇਸ ਵਾਕਾਰੀ ਟਾਈਟਲ ਨੂੰ ਹਾਸਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਣਗੀਆਂ। ਇਸ ਵਿਲੱਖਣ ਮੁਕਾਬਲੇ ਦੀਆਂ ਜੇਤੂ ਪੰਜਾਬਣਾਂ ਨੂੰ ਸੋਨੇ ਦਾ ਸੱਗੀ ਫੁੱਲ, ਰਵਾਇਤੀ ਗਹਿਣੇ, ਕੀਮਤੀ ਇਨਾਮ, ਤੋਹਫੇ ਤੇ ਸਿਰ ਸ਼ਗਨਾਂ ਦੀਆਂ ਫੁਲਕਾਰੀਆਂ ਨਾਲ ਕੱਜ ਕੇ ਸਨਮਾਨਿਆਂ ਜਾਵੇਗਾ, ਵਿਦੇਸ਼ਾਂ ਦੀ ਸੈਰ ਕਰਵਾਈ ਜਾਵੇਗੀ ਤੇ ਵੱਡੇ ਬੈਨਰ ਦੀਆਂ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ।

ਮਿਸ ਵਰਲਡ ਪੰਜਾਬਣ ਮੁਕਾਬਲੇ ਦੀ ਰੂਪ ਰੇਖਾ ਨੂੰ ਅੰਤਮ ਛੋਹਾਂ ਦੇਣ ਲਈ ਸੱਥ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੋਨੂ ਨੀਲੀਬਾਰ, ਜਗਜੀਤ ਸਿੰਘ ਯੂਕੋ, ਐਸ ਪੀ ਪ੍ਰਿਥੀਪਾਲ ਸਿੰਘ ਬਟਾਲਾ, ਹਰਦਿਆਲ ਸਿੰਘ ਅਮਨ, ਗਾਇਕ ਵਤਨਜੀਤ, ਗੁਰਦੇਵ ਪੁਰਬਾ, ਕਰਮਜੀਤ ਢੱਟ, ਗੁਰਮੀਤ ਮੁਕਤਸਰੀ, ਹੈਰੀ ਸਰਾਂ ਮੋਗਾ ਅਤੇ ਜਤਿਨ ਗੋਇਲ ਆਦਿ ਹਾਜ਼ਰ ਸਨ।