Home >> ਤਸਵੀਰ ਪ੍ਰਦਰਸ਼ਨੀ >> ਪੰਜਾਬੀ ਖ਼ਬਰਾਂ >> ਫੋਟੋ ਜਰਨਲਿਸਟ ਐਸੋਸੀਏਸ਼ਨ >> ਰਾਜਿੰਦਰ ਅਹੂਜਾ >> ਪੱਤਰਕਾਰ ਭਾਈਚਾਰਾ ਪੰਜਾਬ ਦੀ ਸੋਹਣੀ ਤਸਵੀਰ ਸਿਰਜਣ ਲਈ ਅੱਗੇ ਆਵੇ-ਬਾਜਵਾ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਗਾਈ ਗਈ ਦੋ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਕਰਣ ਤੋਂ ਬਾਅਦ ਤਸਵੀਰਾਂ ਨੂੰ ਦੇਖਦੇ ਹੋਏ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਗਾਈ ਗਈ ਦੋ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਕਰਣ ਤੋਂ ਬਾਅਦ ਤਸਵੀਰਾਂ ਨੂੰ ਦੇਖਦੇ ਹੋਏ
ਲੁਧਿਆਣਾ, 19 ਅਗਸਤ 2017 (ਰਾਜਿੰਦਰ ਅਹੂਜਾ): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਲਮ ਅਤੇ ਕੈਮਰੇ ਨਾਲ ਪੰਜਾਬ ਦੀ ਅਜਿਹੀ ਤਸਵੀਰ ਬਣਾਉਣ, ਜਿਸ ਵਿੱਚ ਸੂਬੇ ਦੀ ਤਰੱਕੀ, ਅਤੀਤ ਅਤੇ ਸੁਨਹਿਰੇ ਭਵਿੱਖ ਦਾ ਹਰੇਕ ਰੰਗ ਉੱਘੜ ਕੇ ਸਾਹਮਣੇ ਆਵੇ। ਉਹ ਅੱਜ ਸਥਾਨਕ ਪੰਜਾਬੀ ਭਵਨ ਸਥਿਤ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿਖੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਗਾਈ ਗਈ ਦੋ ਰੋਜ਼ਾ ਪ੍ਰਦਰਸ਼ਨੀ ਨੂੰ ਦੇਖਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ।

ਇਸ ਮੌਕੇ ਰੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਅਜਿਹਾ ਖਿੱਤਾ ਨਹੀਂ, ਜੋ ਪੰਜਾਬ ਦੀ ਤਰਾਂ ਇੱਕੋ ਸਮੇਂ ਸੱਭਿਆਚਾਰਕ ਤੇ ਸਾਹਿਤਕ ਖੇਤਰਾਂ ਦੇ ਨਾਲ-ਨਾਲ ਆਪਸੀ ਭਾਈਚਾਰਾ, ਅਮਨ ਸ਼ਾਂਤੀ ਅਤੇ ਤਰੱਕੀ ਦੀ ਪ੍ਰਤੱਖ ਤਸਵੀਰ ਹੋਵੇ। ਉਨਾਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੇ ਵਿਗੜੇ ਚਿਹਰੇ ਮੋਹਰੇ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਮਾਰ ਪਈ ਹੈ ਅਤੇ ਦੁਨੀਆਂ ਸਾਹਮਣੇ ਪੰਜਾਬ ਦੀ ਤਸਵੀਰ ਬੇਰੰਗ ਹੋ ਕੇ ਸਾਹਮਣੇ ਆਈ ਹੈ। ਇਸ ਸਥਿਤੀ ਵਿੱਚ ਉਨਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਕਲਮ ਅਤੇ ਕੈਮਰੇ ਦੀ ਕਲਿੱਕ ਵਿੱਚ ਲੋਕਾਂ ਤੱਕ ਹਾਂ ਪੱਖੀ ਸੁਨੇਹਾ ਪਹੁੰਚਾਉਣ ਦੀ ਵੱਡੀ ਕਲਾ ਹੁੰਦੀ ਹੈ, ਜਿਸ ਕਰਕੇ ਉਹ ਆਪਣੀ ਇਸ ਕਲਾ ਨਾਲ ਪੰਜਾਬ ਦੀ ਸੋਹਣੀ ਤਸਵੀਰ ਬਣਾਉਣ ਅਤੇ ਦੁਨੀਆਂ ਸਾਹਮਣੇ ਪੇਸ਼ ਕਰਨ, ਜਿਸ ਵਿੱਚ ਸੂਬੇ ਦੀ ਤਰੱਕੀ, ਅਤੀਤ ਅਤੇ ਸੁਨਹਿਰੇ ਭਵਿੱਖ ਦਾ ਹਰੇਕ ਰੰਗ ਉੱਘੜ ਕੇ ਸਾਹਮਣੇ ਆਵੇ। ਉਨਾਂ ਪੰਜਾਬ ਸਰਕਾਰ ਵੱਲੋਂ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਦੱਸਿਆ। ਇਸ ਮੌਕੇ ਉਨਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਅਤੇ ਪੰਜਾਬੀ ਸਾਹਿਤ ਅਕਾਦਮੀ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਸਾਹਿਤ ਪੁਰਸਕਾਰ ਜੇਤੂ ਲੇਖਕ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇੱਕ ਚੰਗੀ ਤਸਵੀਰ ਨੂੰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਤਸਵੀਰ ਹਜ਼ਾਰਾਂ ਸ਼ਬਦਾਂ ਦੀ ਆਪਣੇ ਆਪ ਵਿੱਚ ਇੱਕ ਕਹਾਣੀ ਬਿਆਨ ਕਰਦੀ ਹੁੰਦੀ ਹੈ। ਕਈ ਵਾਰ ਜੋ ਸੁਨੇਹਾ ਖ਼ਬਰ ਦੇਣ ਤੋਂ ਅਸਮਰੱਥ ਰਹਿ ਜਾਂਦੀ ਹੈ, ਉਹ ਤਸਵੀਰ ਸਪੱਸ਼ਟ ਕਰ ਦਿੰਦੀ ਹੈ। ਉਨਾਂ ਫੋਟੋ ਪੱਤਰਕਾਰਾਂ ਵੱਲੋਂ ਪ੍ਰਦਰਸ਼ਨੀ ਲਗਾਉਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਇਸ ਸ਼ੌਕ ਨੂੰ ਹੋਰ ਅੱਗੇ ਤੱਕ ਲਿਜਾਉਣ ਦਾ ਸੱਦਾ ਦਿੱਤਾ।

ਅਖ਼ਬਾਰੀ ਦੁਨੀਆਂ ਨਾਲ ਜੁੜੇ ਸੀਨੀਅਰ ਸੰਪਾਦਕਾਂ ਅਮਿਤ ਸ਼ਰਮਾ ਅਤੇ ਸਮਸ਼ੇਰ ਚੰਦੇਲ ਨੇ ਪੱਤਰਕਾਰੀ ਜੀਵਨ ਅਤੇ ਫੋਟੋ ਪੱਤਰਕਾਰੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਕੁਲਦੀਪ ਸਿੰਘ ਕਾਲਾ ਨੇ ਧੰਨਵਾਦੀ ਸ਼ਬਦ ਪੜੇ। ਇਸ ਮੌਕੇ ਮਰਹੂਮ ਫੋਟੋ ਪੱਤਰਕਾਰ ਅਦਿੱਤਿਆ ਜੇਤਲੀ ਦੇ ਪਿਤਾ ਅਸ਼ਵਨੀ ਜੇਤਲੀ (ਸੀਨੀਅਰ ਪੱਤਰਕਾਰ ਤੇ ਸੰਪਾਦਕ) ਅਤੇ ਮਰਹੂਮ ਰਵੀ ਕਨੌਜੀਆ ਦੇ ਪਿਤਾ ਰਾਮ ਚੰਦ ਕਨੌਜੀਆ ਅਤੇ ਮਾਤਾ ਜੀ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਫੋਟੋ ਪੱਤਰਕਾਰੀ ਦੇ ਮਹਾਨ ਹਸਤਾਖ਼ਰ ਧਰਮਵੀਰ ਅਤੇ ਇੰਦਰਜੀਤ ਵਰਮਾ ਨੂੰ ਵੀ ਵਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਬਾਜਵਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਤਸਵੀਰਾਂ ਨੂੰ ਬਹੁਤ ਸਰਾਹਿਆ। ਸਮਾਗਮ ਦੌਰਾਨ ਵਿਧਾਇਕ ਰਾਕੇਸ਼ ਪਾਂਡੇ, ਪੈਸਕੋ ਪੰਜਾਬ ਦੇ ਚੇਅਰਮੈਨ ਮੇਜਰ ਜਨਰਲ ਐੱਸ. ਪੀ. ਐੱਸ. ਗਰੇਵਾਲ, ਪ੍ਰਸਿੱਧ ਸਨਅਤਕਾਰ ਰਾਜਿੰਦਰ ਗੁਪਤਾ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਲੇਖਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਗੁਰਦਰਸ਼ਨ ਸਿੰਘ ਬਾਹੀਆ ਓ.ਐੱਸ.ਡੀ. ਟੂ ਮੰਤਰੀ, ਪ੍ਰਵੀਨ ਬਾਂਸਲ, ਗੁਰਮੀਤ ਸਿੰਘ ਕੁਲਾਰ, ਗੁਰਬੀਰ ਸਿੰਘ ਗਰੇਵਾਲ, ਐਡਵੋਕੇਟ ਹਰਪ੍ਰੀਤ ਸੰਧੂ, ਰਮੇਸ਼ ਜੋਸ਼ੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।