Home >> ਆਨਲਾਈਨ ਨਿਊਜ਼ ਲੁਧਿਆਣਾ >> ਪੰਜਾਬੀ ਖ਼ਬਰਾਂ >> ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ >> ਰੋਜ਼ਗਾਰ >> ਸਿੱਖਿਆਰਥੀਆਂ ਨੂੰ ਹੁਨਰਮੰਦ ਕਰਨ ਵਿੱਚ ਵਰਦਾਨ ਸਾਬਿਤ ਹੋ ਰਿਹੈ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਵਿਚ ਸਿੱਖਦੇ ਸਿੱਖਿਆਰਥੀ
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਵਿਚ ਸਿੱਖਦੇ ਸਿੱਖਿਆਰਥੀ
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਥਾਨਕ ਗਿੱਲ ਸੜਕ 'ਤੇ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਕਰੀਬ 5 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸੈਂਟਰ ਤੋਂ ਕਰੀਬ 116 ਸਿੱਖਿਆਰਥੀ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਸਫ਼ਲ ਰਹੇ ਹਨ, ਜੋ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸ਼ੁਭ ਸੰਕੇਤ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਇੰਚਾਰਜ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਪਹਿਲੇ ਬੈਚ ਤਹਿਤ ਵੱਖ-ਵੱਖ ਕੋਰਸਾਂ ਦੀ ਸ਼ੁਰੂਆਤ ਫਰਵਰੀ 2017 ਵਿੱਚ ਕੀਤੀ ਗਈ ਸੀ, ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਸਨ। ਹੁਣ ਤੱਕ 116 ਸਿੱਖਿਆਰਥੀਆਂ ਨੇ ਵੱਖ-ਵੱਖ ਕੋਰਸਾਂ ਤਹਿਤ ਸਿਖ਼ਲਾਈ ਪੂਰੀ ਕਰ ਲਈ ਹੈ। ਇਨਾਂ ਸਿੱਖਿਆਰਥੀਆਂ ਵਿੱਚੋਂ 50 ਫੀਸਦੀ ਤੋਂ ਵਧੇਰੇ ਸਿੱਖਿਆਰਥੀਆਂ ਦੀ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਪਲੇਸਮੈਂਟ ਹੋ ਚੁੱਕੀ ਹੈ ਅਤੇ ਉਹ ਵਧੀਆ ਤਨਖ਼ਾਹ ਲੈ ਰਹੇ ਹਨ, ਜਦਕਿ ਬਾਕੀ ਸਿੱਖਿਆਰਥੀਆਂ ਨੇ ਆਪਣੇ ਰੋਜ਼ਗਾਰ ਜਾਂ ਤਾਂ ਸ਼ੁਰੂ ਕਰ ਲਏ ਹਨ ਜਾਂ ਫਿਰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ।

ਉਨਾਂ ਦੱਸਿਆ ਕਿ ਸੈਂਟਰ ਵਿਖੇ ਚੱਲ ਰਹੇ ਸ਼ਾਰਟ ਟਰਮ ਕੋਰਸਾਂ ਵਿੱਚ ਇੰਡਸਟਰੀਅਲ ਸਿਲਾਈ ਮਸ਼ੀਨ ਓਪਰੇਟਰ, ਅਸਿਸਟੈਂਟ ਫੈਸ਼ਨ ਡਿਜ਼ਾਈਨਿੰਗ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਅਤੇ ਫਿਟਰ ਮਕੈਨੀਕਲ ਅਸੈਂਬਲੀ ਕੋਰਸ ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਪੇਡ ਕੋਰਸ ਵੀ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਕੰਪਿਊਟਰ ਅਕਾਂਊਂਟਿੰਗ, ਅਸ਼ੋਕ ਲੇਲੈਂਡ ਸਰਵਿਸ ਟੈਕਨੀਸ਼ੀਅਨ ਅਤੇ ਫੈਸ਼ਨ ਡਿਜ਼ਾਈਨਿੰਗ ਸ਼ਾਮਿਲ ਹਨ। ਇਨਾਂ ਸਾਰੇ ਕੋਰਸਾਂ ਲਈ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਜਮਾਤ ਪਾਸ ਜ਼ਰੂਰੀ ਹੈ। ਸ਼ਾਰਟ ਟਰਮ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਾਰੀ ਸਿਖ਼ਲਾਈ, ਵਰਦੀ ਅਤੇ ਪ੍ਰੈਕਟੀਕਲ ਦੀ ਸਹੂਲਤ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਲੋੜਵੰਦ ਲੜਕੀਆਂ ਲਈ ਮੁਫ਼ਤ ਹੋਸਟਲ ਦੀ ਸਹੂਲਤ ਵੀ ਹੈ ਜਦਕਿ ਲੜਕਿਆਂ ਦਾ ਹੋਸਟਲ ਵੀ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ।

ਉਨਾਂ ਕਿਹਾ ਕਿ ਇਸ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿਖ਼ਲਾਈ ਦਿੱਤੀ ਜਾਂਦੀ ਹੈ ਅਤੇ ਕੋਰਸ ਪੂਰਾ ਕਰਨ ਲਈ 80 ਫੀਸਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ।

ਇਸ ਸੈਂਟਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਫਿਲਹਾਲ ਇਸ ਸੈਂਟਰ ਵਿੱਚ ਸਰਕਾਰ ਵੱਲੋਂ ਸਪਾਂਸਰ 5 ਮੁਫ਼ਤ ਕੋਰਸ ਚੱਲ ਰਹੇ ਹਨ, ਜਦਕਿ ਪੇਂਡੂ ਖੇਤਰ ਨਾਲ ਸੰਬੰਧਤ ਸਿੱਖਿਆਰਥੀਆਂ ਲਈ ਜਲਦ ਹੀ 3 ਹੋਰ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਲਈ ਦਾਖ਼ਲੇ ਸ਼ੁਰੂ ਹਨ। ਉਨਾਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਂਟਰ ਤੋਂ ਸਿਖ਼ਲਾਈ ਲੈ ਕੇ ਆਪਣੇ ਪੈਰਾਂ 'ਤੇ ਖੁਦ ਖੜੇ ਹੋਣ ਨੂੰ ਤਰਜੀਹ ਦੇਣ। ਇਥੇ ਕੋਰਸ ਕਰਨ ਵਾਲੇ ਸਿੱਖਿਆਰਥੀ ਨੂੰ ਜਿੱਥੇ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ। ਉਥੇ ਵੱਖ-ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਉਨਾਂ ਦੀ ਪਲੇਸਮੈਂਟ (ਨੌਕਰੀ) ਵੀ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਜੋ ਸਿੱਖਿਆਰਥੀ ਕੋਰਸ ਕਰਨ ਉਪਰੰਤ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਨਾਂ ਨੂੰ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।