Home >> ਅੰਤਰਰਾਸ਼ਟਰੀ >> ਆਨਲਾਈਨ ਨਿਊਜ਼ ਲੁਧਿਆਣਾ >> ਸਾਹਿਤ >> ਜਸਵੰਤ ਜਫ਼ਰ >> ਪੰਜਾਬੀ ਖ਼ਬਰਾਂ >> ਸਾਨੂੰ ਬੱਚਿਆਂ ਨੂੰ ਮਨੁੱਖਤਾ ਦੇ ਭਲੇ ਲਈ ਸਭ ਕੁਝ ਕੁਰਬਾਨ ਕਰਨ ਵਾਲਾ ਜਜ਼ਬਾ ਦੇਣਾ ਹੋਵੇਗਾ: ਜਸਵੰਤ ਜਫਰ
ਜਸਵੰਤ ਜਫ਼ਰ ਤੇ ਉਨ੍ਹਾਂ ਦੀ ਜੀਵਨ ਸਾਥਣ ਬਲਬੀਰ ਕੌਰ ਪੰਧੇਰ 14100 ਡਾਲਰ ਦੀ ਇਕੱਤਰ ਹੋਈ ਰਕਮ ਰੇਸ਼ਲ ਨੂੰ ਭੇਂਟ ਕਰਦੇ ਹੋਏ
ਜਸਵੰਤ ਜਫ਼ਰ ਤੇ ਉਨ੍ਹਾਂ ਦੀ ਜੀਵਨ ਸਾਥਣ ਬਲਬੀਰ ਕੌਰ ਪੰਧੇਰ 14100 ਡਾਲਰ ਦੀ ਇਕੱਤਰ ਹੋਈ ਰਕਮ ਰੇਸ਼ਲ ਨੂੰ ਭੇਂਟ ਕਰਦੇ ਹੋਏ
ਸਿਡਨੀ, 02 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੱਚਿਆਂ ਨੂੰ ਪੰਜਾਬੀ ਬੋਲੀ, ਸੱਭਿਆਚਾਰ ਅਤੇ ਲੋਕ ਕਲਾਵਾਂ ਨਾਲ ਜੋੜਨ ਲਈ ਸਰਗਰਮ ਸੰਸਥਾ "ਰੂਹ ਪੰਜਾਬ ਦੀ" ਦੇ ਸੱਦੇ 'ਤੇ ਪਰਿਵਾਰ ਸਮੇਤ ਸਿਡਨੀ ਪਹੁੰਚੇ ਪ੍ਰਮੁੱਖ ਪੰਜਾਬੀ ਕਵੀ, ਚਿਤਰਕਾਰ ਤੇ ਪੰਜਾਬ ਬਿਜਲੀ ਨਿਗਮ ਦੇ ਸਹਾਇਕ ਨਿਗਰਾਨ ਇੰਜਨੀਅਰ ਜਸਵੰਤ ਜਫਰ ਨੇ ਸੰਸਥਾ ਲਈ ਮੂਲਮੰਤਰ ਅਧਾਰਿਤ ਵਿਸ਼ੇਸ਼ ਚਿੱਤਰ ਦੀ ਰਚਨਾ ਕੀਤੀ।

ਜਸਵੰਤ ਜਫ਼ਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਮੈਂਬਰ ਹਨ ਅਤੇ ਤਿੰਨ ਕਾਵਿ ਪੁਸਤਕਾਂ ਤੋਂ ਇਲਾਵਾ ਤਿੰਨ ਵਾਰਤਕ ਪੁਸਤਕਾਂ ਲਿਖ ਚੁਕੇ ਹਨ ਜਿੰਨ੍ਹਾਂ ਚੋਂ ਭਗਤ ਬਾਣੀ ਬਾਰੇ ਭਗਤ ਸਤਿਗੁਰੂ ਹਮਾਰਾ ਸੱਜਰੀ ਕਿਰਤ ਹੈ। ਵਰਤਮਾਨ ਸਮੇਂ ਗਹਿਲੇਵਾਲ (ਨੇੜੇ ਕੂਮ ਕਲਾਂ) ਤੇ ਲੁਧਿਆਣਾ ਵੱਸਦੇ ਜਸਵੰਤ ਜਫ਼ਰ ਫਿਲੌਰ ਨੇੜੇ ਪਿੰਡ ਮਹਿਸਮਪੁਰ ਦੇ ਜੰਮਪਲ ਹਨ।

ਆਪਣੇ ਸੰਬੋਧਨ ਦੌਰਾਨ ਜਸਵੰਤ ਜਫਰ ਨੇ ਭਾਈ ਘਨਈਆ, ਮੁਕਤੇ, ਨਾਨਕ, ਬੱਚਾ ਖੂਨ ਪਸੀਨਾ ਸਿਆਹੀ, ਮਾਮੀ ਮਰੀ 'ਤੇ, ਭਗਤ ਸਿੰਘ ਆਦਿ ਕਵਿਤਾਵਾਂ ਸੁਣਾਈਆਂ। ਜਫ਼ਰ ਦੀ ਬੇਟੀ ਕੀਰਤ ਪੰਧੇਰ ਨੇ ਕੁਝ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਪੇਸ਼ ਕੀਤਾ।

ਇਸ ਮੌਕੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਬਹੁਤ ਸਾਰੇ ਪੁਰਾਣੇ ਵਿਦਿਆਰਥੀ ਅਤੇ ਪੰਜਾਬੀ ਕੌਂਸਲ ਦੇ ਮੈਂਬਰ ਸ਼ਾਮਲ ਹੋਏ। ਛੋਟੇ ਬੱਚਿਆਂ ਦੀਆਂ ਦੋ ਟੀਮਾਂ 'ਨਗੀਨੇ' ਅਤੇ 'ਅਲਗੋਜੇ' ਨੇ ਭੰਗੜਾ ਪੇਸ਼ ਕਰਕੇ ਖੂਬ ਰੰਗ ਬੰਨਿਆ। ਸਮਾਗਮ ਦਾ ਸੰਚਾਲਨ ਰਣਜੀਤ ਸਿੰਘ ਖਹਿਰਾ ਨੇ ਕੀਤਾ।

'ਰੂਹ ਪੰਜਾਬ ਦੀ' ਅਤੇ 'ਪੰਜਾਬੀ ਕੌਂਸਲ ਆਫ਼ ਆਸਟਰੇਲੀਆ' ਦੇ ਸਾਂਝੇ ਕਰਵਾਈ ਸ਼ਾਮ ਮਨੁੱਖਤਾ' ਦੇ ਨਾਮ ਕੈਲੀਵਿੱਲ ਹਾਈ ਸਕੂਲ ਦੇ ਖ਼ਚਾ-ਖ਼ਚ ਭਰੇ ਹਾਲ ਵਿੱਚ 'ਕਰਵਾਈ ਗਈ। ਜਿੱਥੇ ਜਸਵੰਤ ਜ਼ਫ਼ਰ' ਨੂੰ ਲੋਕਾਂ ਨੇ ਸਾਹ ਰੋਕ ਕੇ ਸੁਣਿਆ। ਜ਼ਹੀਨ ਅਤੇ ਆਦਰਸ਼ਵਾਦੀ ਸੋਚ ਵਾਲੇ ਜਸਵੰਤ ਸਿੰਘ ਜ਼ਫ਼ਰ ਜੀ ਸੱਚ-ਮੁੱਚ ਗੁਰੂ ਨਾਨਕ ਸਾਹਬ ਦੇ 'ਸੱਚ' ਵਾਲੇ ਫ਼ਲਸਫ਼ੇ ਦੇ ਪਾਂਧੀ ਜ਼ਫ਼ਰ ਸਾਹਬ ਕੋਲ ਆਪਣੀ ਗੱਲ ਮਲਕੜੇ ਜਿਹੇ ਕਹਿਣ ਦਾ ਸਹਿਜ ਅਤੇ ਪ੍ਰਭਾਵਸ਼ਾਲੀ ਸਲੀਕਾ ਹੈ। ਸਰੋਤਿਆਂ ਦੇ ਸਵਾਲਾਂ ਦੇ ਜੁਆਬ ਉਨ੍ਹਾਂ ਬੜੇ ਧੀਰਜ ਅਤੇ ਗੁਰਬਾਣੀ ਦੇ ਫ਼ਲਸਫ਼ੇ ਦੇ ਅਨੁਕੂਲ ਦਿੱਤੇ।

ਸਮਾਗਮ ਵਿੱਚ ਸ਼ਾਮਲ ਮਾਪਿਆਂ ਅਤੇ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਾਂ ਬੱਚਿਆਂ ਨੂੰ ਸਦਾ ਲੈਣਾ ਹੀ ਸਿਖ਼ਾਉਂਦੇ ਹਾਂ ਅਤੇ ਇਸੇ ਕਾਰਨ ਮਨੁੱਖਤਾ ਦੇ ਭਲੇ ਲਈ ਕੁਝ ਦੇਣ ਦੀ ਉਨ੍ਹਾਂ ਦੀ ਪ੍ਰਵਿਰਤੀ ਬਣਦੀ ਹੀ ਨਹੀਂ, ਸਾਨੂੰ ਬੱਚਿਆਂ ਨੂੰ ਮਨੁੱਖਤਾ ਦੇ ਭਲੇ ਲਈ ਸਭ ਕੁਝ ਕੁਰਬਾਨ ਕਰਨ ਵਾਲਾ ਜਜ਼ਬਾ ਦੇਣਾ ਹੋਵੇਗਾ। ਉਨ੍ਹਾਂ ਇਸ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ 'ਵਿਵੇਕ ਸਿੰਘ' ਕੈਨੇਡਾ ਵਿੱਚ ਦੋ ਸਾਲ ਪਹਿਲਾਂ ਭਰ ਜਵਾਨੀ ਵਿੱਚ ਸੰਸਾਰ ਨੂੰ ਅਲਵਿਦਾ ਕਹਿਣ ਵੇਲੇ ਆਪਣੇ ਸਰੀਰ ਦੇ ਸਾਰੇ ਅੰਗ ਦਾਨ ਕਰ ਗਿਆ ਸੀ। ਅੱਜ ਉਸ ਦਾ ਦਿਲ ਕਿਸੇ ਗੋਰੇ ਵਿੱਚ ਧੜਕਦਾ ਹੋਵੇਗਾ, ਉਸ ਦੀਆਂ ਅੱਖਾਂ ਹੋ ਕਿਸੇ ਕਾਲੇ ਵੀਰ ਨੂੰ ਸੰਸਾਰ ਵਿਖਾ ਰਹੀਆਂ ਹੋਣਗੀਆਂ। ਉਸਦੀਆਂ ਕਿਡਨੀਆਂ ਨੇ ਸ਼ਾਇਦ ਕਿਸੇ ਚੀਨੇ ਨੂੰ ਜ਼ਿੰਦਗੀ ਦਿੱਤੀ ਹੋਵੇ ਅਤੇ ਉਸਦਾ ਲਿਵਰ ਸ਼ਾਇਦ ਕਿਸੇ ਭਾਰਤੀ ਦਾ ਜਿਗਰ ਬਣਿਆ ਬੈਠਾ ਹੋਵੇਗਾ।

ਉਨ੍ਹਾਂ ਕਿਹਾ ਕਿ ਮਾਪਿਆਂ ਦੀ ਸ਼ਿਕਾਇਤ ਹੈ ਕਿ ਬੱਚੇ ਪੜ੍ਹਦੇ ਨਹੀਂ, ਦਾ ਉੱਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਤਾਬਾਂ ਪੜ੍ਹਨ ਤਾਂ ਸਾਨੂੰ ਆਪ ਵੀ ਬੈਠ ਕੇ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਸਾਨੂੰ ਕਿਤਾਬਾਂ ਪੜ੍ਹਦੇ ਵੇਖ ਸਾਡੇ ਬੱਚੇ ਆਪ ਮੁਹਾਰੇ ਹੀ ਕਿਤਾਬਾਂ ਵੱਲ ਮੁੜ ਜਾਣਗੇ।

'ਜ਼ਫ਼ਰ' ਦੀ ਮੂਲ-ਮੰਤਰ ਵਾਲੀ ਬਣਾਈ ਤਸਵੀਰ 12000 ਡਾਲਰ ਵਿੱਚ ਹਰਮਨ ਫ਼ਾਊਂਡੇਸ਼ਨ ਵਾਲੇ ਮਨਿੰਦਰ ਸਿੰਘ ਅਤੇ ਹਰਿੰਦਰ ਕੌਰ ਹੁਰਾਂ ਨੇ ਖ਼੍ਰੀਦੀ। ਇਸੇ ਤਰ੍ਹਾਂ ਉਨ੍ਹਾਂ ਦੀਆਂ ਕਿਤਾਬਾਂ ਦਾ ਸੈੱਟ ਇਕਬਾਲ ਸਿੰਘ ਕਾਲਕਟ' ਨੇ 2100 ਡਾਲਰ ਵਿੱਚ ਖ਼੍ਰੀਦਿਆ। 14100 ਡਾਲਰ ਦੀ ਇਕੱਤਰ ਹੋਈ ਰਕਮ ਕੁਦਰਤੀ ਸਰੀਰਕ ਕਹਿਰ ਦਾ ਸ਼ਿਕਾਰ ਹੋਈ 'ਰੈਸ਼ਲ' ਤੇ ਉਸਦੇ ਤਿੰਨ ਮਾਸੂਮ ਬੱਚਿਆਂ ਦੇ ਪਰਿਵਾਰ ਨੂੰ ਦੇ ਕੇ ਜਸਵੰਤ ਜ਼ਫ਼ਰ ਦੀ ਫ਼ੇਰੀ ਗੁਰੂ ਨਾਨਕ ਸਾਹਬ ਦੇ ਫ਼ਲਸਫ਼ੇ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਰਾਹੀਂ ਸਾਰੀ 'ਮਨੁੱਖਤਾ' ਨੂੰ ਇੱਕ ਜਾਨਣ ਵਾਲੇ ਸੁਨੇਹੇ ਦੇ ਨਾਮ ਹੋ ਗਈ।