Home >> ਅੰਤਰਰਾਸ਼ਟਰੀ >> ਆਨਲਾਈਨ ਨਿਊਜ਼ ਲੁਧਿਆਣਾ >> ਸਾਹਿਤ >> ਪੰਜਾਬ ਭਵਨ ਸੱਰੀ >> ਪੰਜਾਬੀ ਖ਼ਬਰਾਂ >> ਤਰਕਸ਼ੀਲ ਲੇਖਕ ਮਨਜੀਤ ਸਿੰਘ ਬੋਪਾਰਾਏ ਦਾ ਕੈਨੇਡਾ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਵੱਲੋਂ ਸਨਮਾਨ
ਤਰਕਸ਼ੀਲ ਲੇਖਕ ਮਨਜੀਤ ਸਿੰਘ ਬੋਪਾਰਾਏ ਦਾ ਸਨਮਾਨ ਕਰਦੇ ਹੋਏ ਪੰਜਾਬ ਭਵਨ ਸੱਰੀ ਚ ਇਸ ਸੰਸਥਾ ਦੇ ਸੰਸਥਾਪਕ ਸੁੱਖੀ ਬਾਠ ਤੇ ਸਾਥੀ
ਲੁਧਿਆਣਾ, 30 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਡਾਣੀ ਕਲਾਂ ਦੇ ਜੰਮਪਲ ਆਸਟਰੇਲੀਆ ਵੱਸਦੇ ਤਰਕਸ਼ੀਲ ਲੇਖਕ ਮਨਜੀਤ ਸਿੰਘ ਬੋਪਾਰਾਏ ਨੂੰ ਅੱਜ ਪੰਜਾਬ ਭਵਨ ਸੱਰੀ ਚ ਇਸ ਸੰਸਥਾ ਦੇ ਸੰਸਥਾਪਕ ਸੁੱਖੀ ਬਾਠ ਤੇ ਸਾਥੀਆਂ ਨੇ ਸਨਮਾਨਿਤ ਕੀਤਾ।

ਪੰਜਾਬ ਭਵਨ ਵਿਖੇ ਸੰਚਾਲਕ ਪੰਜਾਬੀ ਕਵੀ ਕਵਿੰਦਰ ਚਾਂਦ ਨੇ ਮਨਜੀਤ ਬੋਪਾਰਾਏ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਉਹ ਆਸਟਰੇਲੀਆ ਦਾ ਕੌਮੀ ਨਗਮਾ ਲਿਖ ਕੇ ਵੀ ਨਾਮਣਾ ਖੱਟ ਚੁਕੇ ਹਨ। ਮਨਜੀਤ ਸਿੰਘ ਬੋਪਾਰਾਏ ਬਾਰੇ ਮੋਹਨ ਗਿੱਲ ਨੇ ਦੱਸਿਆ ਕਿ ਤਰਕਸ਼ੀਲ ਲਹਿਰ ਨੂੰ ਪਹਿਲਾਂ ਪੰਜਾਬ ਤੇ ਫਿਰ ਗਲੋਬਲ ਪੱਧਰ ਤੇ ਪੱਕੇ ਪੈਰੀਂ ਕਰਨ ਵਾਲੀ ਕਿਤਾਬ Fortune telling exposed ਉਸਨੇ 1992 ਚ ਲਿਖੀ ਸੀ ਜੋ ਅਨੁਵਾਦ ਹੋ ਕੇ ਜੋਤਿਸ਼ ਝੂਠ ਬੋਲਦਾ ਹੈ ਨਾਮ ਹੇਠ ਤਰਕਸ਼ੀਲ ਪ੍ਰਕਾਸ਼ਨ ਵੱਲੋਂ ਬਰਨਾਲਿਓ ਛਪੀ।

ਮਨਜੀਤ ਸਿੰਘ ਬੋਪਾਰਾਏ ਨੇ ਸੰਬੋਧਨ ਕਰਦਿਆਂ ਹੁਣ ਤੀਕ ਦੇ ਸਫ਼ਰ ਦੌਰਾਨ ਰਾਹ ਵਿੱਚ ਆਈਆਂ ਔਕੜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਸਾਥੀਆਂ ਸਮੇਤ ਆਸਟਰੇਲੀਆ ਦੇ ਸ਼ਹਿਰ ਬਰਿਸਬੇਨ ਵਿੱਚ ਇੰਡੋਜ਼ ਸਾਹਿਤ ਸਭਾ ਚਲਾ ਰਹੇ ਹਨ। ਸਰਬਜੀਤ ਸੋਹੀ ਤੇ ਬਾਕੀ ਸੱਜਣਾਂ ਦੇ ਕਾਫ਼ਲੇ ਨਾਲ ਮਿਲ ਕੇ ਸਾਹਿੱਤ ਪ੍ਰਕਾਸ਼ਤ ਕਰਵਾ ਕੇ ਦੇਸ਼ ਬਦੇਸ਼ ਚ ਵੰਡ ਰਹੇ ਹਨ। ਪੰਜਾਂ ਪਾਣੀਆਂ ਦੇ ਗੀਤ ਸੰਗ੍ਰਿਹ ਪ੍ਰਕਾਸ਼ਿਤ ਹੋ ਕੇ ਜੁਲਾਈ ਮਹੀਨੇ ਪੰਜਾਬ ਭਵਨ ਚ ਵੀ ਭੇਜਿਆ ਜਾਵੇਗਾ। ਇਸ ਦਾ ਮੁੱਖ ਬੰਦ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸੁੱਖੀ ਬਾਠ ਜੀ ਨੇ ਵੀ ਲਿਖਿਆ ਹੈ।

ਅੱਜ ਉਹ ਪੰਜਾਬੀ ਭਵਨ ਸੱਰੀ ਚ ਲੇਖਕ ਦੋਸਤਾਂ ਅਤੇ ਵਿਸ਼ਵ ਪ੍ਰਸਿੱਧ ਪੇਂਟਰ ਜਰਨੈਲ ਸਿੰਘ ਆਰਟਿਸਟ ਦੀ ਆਰਟ ਗੈਲਰੀ ਚ ਵੀ ਕਲਾ ਪ੍ਰਸਤ ਸੱਜਣਾਂ ਜਰਨੈਲ ਸਿੰਘ ਸੇਖਾ, ਗੁਰਦੀਪ ਭੁੱਲਰ, ਨਛੱਤਰ ਸਿੰਘ ਬਰਾੜ, ਅੰਗਰੇਜ਼ ਬਰਾੜ ਨੂੰ ਮਿਲੇ।

ਇਥੇ ਬੋਲਦਿਆਂ ਮਨਜੀਤ ਨੇ ਦੱਸਿਆ ਕਿ ਮੈਂ ਪਹਿਲਾਂ ਜ਼ੋਤਿਸ਼ ਦੇ ਵਿਸ਼ਵ ਗਰੰਥ ਪੜ੍ਹੇ ਅਤੇ ਕੁਝ ਸਮਾਂ ਪਹਿਲਾਂ ਖ਼ੁਦ ਜ਼ੋਤਸ਼ੀ ਵਜੋਂ ਵਿਚਰਿਆ ਤਾਂ ਜੋ ਲੋਕ ਮਾਨਸਿਕਤਾ ਜਾਣੀ ਜਾ ਸਕੇ। ਫਿਰ ਮੈਂ ਇਸਨੂੰ ਲਿਖਤ ਰਾਹੀਂ ਬੇਪਰਦ ਕੀਤਾ ਤਾਂ ਜੋ ਅੰਧ ਵਿਸ਼ਵਾਸੀ ਮੱਕੜਜਾਲ ਕੱਟਿਆ ਜਾ ਸਕੇ।

ਮਨਜੀਤ ਬੋਪਾਰਾਏ ਪਿਛਲੇ ਤੀਹ ਸਾਲ ਤੋਂ ਬਰਿਸਬੇਨ ਆਸਟਰੇਲੀਆ ਚ ਰਹਿ ਰਿਹਾ ਹੈ ਅਤੇ ਨਿਰੰਤਰ ਤਰਕਸ਼ੀਲ ਸੋਚ ਦਾ ਪਸਾਰ ਕਰ ਰਿਹਾ ਹੈ। ਪੰਜਾਬ ਭਵਨ ਸਮਾਗਮ ਚ ਪ੍ਰਿਤਪਾਲ ਗਿੱਲ, ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ, ਤਰਕਸ਼ੀਲ ਆਗੂ ਤੇ ਗੋਆ ਦੀ ਆਜ਼ਾਦੀ ਲਹਿਰ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਭਤੀਜੀ ਬੀਬੀ ਪਰਮਿੰਦਰ ਕੌਰ ਸਵੈਚ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ ਤੇ ਕੁਲਦੀਪ ਗਿੱਲ ਮਕਸੂਦੜਾ ਵੀ ਸ਼ਾਮਿਲ ਹੋਏ।