Home >> ਥਾਵਰਚੰਦ ਗਹਿਲੋਤ >> ਪੰਜਾਬੀ ਖ਼ਬਰਾਂ >> ਮਨੀਸ਼ਾ ਸ਼ਰਮਾਂ >> ਰਾਜਨੀਤੀ >> ਵਿਜੇ ਕੁਮਾਰ ਸਾਂਪਲਾ >> ਲੋਕ, ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਹਿੱਤ ਯੋਜਨਾਵਾਂ ਦਾ ਲਾਭ ਲੈਣ-ਗਹਿਲੋਤ ਅਤੇ ਸਾਂਪਲਾ
ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਲੁਧਿਆਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਲੁਧਿਆਣਾ, 15 ਜੂਨ 2017 (ਮਨੀਸ਼ਾ ਸ਼ਰਮਾਂ): ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਮੰਤਰਾਲੇ ਦੇ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਅਤੇ ਰਾਜ ਮੰਤਰੀ ਵਿਜੇ ਕੁਮਾਰ ਸਾਂਪਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸ਼ੁਰੂ ਕੀਤੀਆਂ ਲੋਕ ਹਿੱਤ ਯੋਜਨਾਵਾਂ ਦਾ ਭਰਪੂਰ ਲਾਭ ਲੈਣ ਤਾਂ ਜੋ ਦੇਸ਼ ਦੇ ਹਰੇਕ ਨਾਗਰਿਕ ਦਾ ਸਰਬਪੱਖੀ ਅਤੇ ਸੰਪੂਰਨ ਵਿਕਾਸ ਸੰਭਵ ਕੀਤਾ ਜਾ ਸਕੇ।

ਕੇਂਦਰ ਦੀ ਕੌਮੀ ਜਮਹੂਰੀ ਗਠਜੋੜ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਪੂਰੇ ਦੇਸ਼ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਦੌਰਿਆਂ ਤਹਿਤ ਅੱਜ ਗਹਿਲੋਤ ਅਤੇ ਸਾਂਪਲਾ ਨੇ ਲੁਧਿਆਣਾ ਦਾ ਦੌਰਾ ਕੀਤਾ। ਇਨਾਂ ਦੌਰਿਆਂ ਦੌਰਾਨ ਕੇਂਦਰੀ ਮੰਤਰੀ ਸਰਕਾਰ ਵੱਲੋਂ ਪਿਛਲੇ ਤਿੰਨ ਸਾਲ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਦੇ ਰਹੇ ਹਨ ਅਤੇ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈਣ ਲਈ ਜਾਗਰੂਕ ਕਰ ਰਹੇ ਹਨ। ਇਸ ਸੰਬੰਧੀ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗਹਿਲੋਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਨਾਲ ਦੇਸ਼ ਦੀ ਪੂਰੀ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਹੋਰ ਬੇਹਤਰ ਸਹੂਲਤਾਂ ਮਿਲਣੀਆਂ ਯਕੀਨੀ ਬਣਾਈਆਂ ਜਾ ਸਕਣ।

ਉਨਾਂ ਵੱਖ-ਵੱਖ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਦੇਸ਼ ਦੇ 5 ਕਰੋੜ ਲੋਕਾਂ ਨੇ ਗੈਸ 'ਤੇ ਮਿਲਦੀ ਸਬਸਿਡੀ ਛੱਡੀ ਹੈ। ਇਸ ਸਬਸਿਡੀ ਦੇ ਪੈਸੇ ਨਾਲ ਦੇਸ਼ ਦੇ ਉਨਾਂ 2.5 ਕਰੋੜ ਪਰਿਵਾਰਾਂ ਨੂੰ ਗੈਸ ਚੂਲੇ ਮੁਫ਼ਤ ਦਿੱਤੇ ਗਏ ਹਨ, ਜੋ ਪਹਿਲਾਂ ਬਾਲਣ ਦੇ ਚੁੱਲਿਆਂ 'ਤੇ ਭੋਜਨ ਤਿਆਰ ਕਰਦੇ ਸਨ। ਬਾਲਣ ਦਾ ਚੁੱਲਾ ਵਰਤਣ ਨਾਲ ਜਿੱਥੇ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਉਥੇ ਮਨੁੱਖੀ ਸਿਹਤ ਨੂੰ ਵੀ ਕਈ ਬਿਮਾਰੀਆਂ ਲੱਗਦੀਆਂ ਹਨ।

ਉਨਾਂ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਆਲਾ ਦੁਆਲਾ ਦੇਣ ਲਈ ਹੀ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਭਵਿੱਖ ਵਿੱਚ ਬਹੁਤ ਵਧੀਆ ਨਤੀਜੇ ਮਿਲਣਗੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ 5 ਕਰੋੜ ਘਰਾਂ ਵਿੱਚ ਪਖ਼ਾਨੇ ਬਣਾ ਕੇ ਦਿੱਤੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਉਨਾਂ ਸਥਾਨਕ ਨੂਰਵਾਲਾ ਸੜਕ 'ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ ਅਤੇ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਰੱਖੇ ਗਏ ਇਸਤਰੀ ਸੰਮੇਲਨ ਵਿੱਚ ਭਾਗ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਔਰਤ ਵਰਗ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੇ ਵਿਕਾਸ ਵਿੱਚ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਕਿਉਂਕਿ ਔਰਤ ਦੇ ਸਹਿਯੋਗ ਤੋਂ ਬਿਨਾ ਦੇਸ਼ ਦੀ ਸਰਬਪੱਖੀ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨਾਂ ਨਾਲ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਅਮਰਜੀਤ ਬੈਂਸ, ਭਾਜਪਾ ਦੇ ਜਿਲਾ ਪ੍ਰਧਾਨ ਰਵਿੰਦਰ ਅਰੋੜਾ, ਅਨਿਲ ਸਰੀਨ, ਜੀਵਨ ਗਰਗ, ਰਾਜੇਸ਼ ਧੀਮਾਨ, ਸੁਨੀਤਾ ਅਗਰਵਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।