ਖੇਤੀ ਯੋਗਤਾ ਪ੍ਰੀਖਿਆ-2017 ਵਿਚ ਭਾਗ ਲੈਂਦੇ ਵਿਦਿਆਰਥੀ
ਲੁਧਿਆਣਾ, 13 ਜੂਨ 2017 (ਮਨੀਸ਼ਾ ਸ਼ਰਮਾਂ): ਪੀਏਯੂ ਵੱਲੋਂ ਬੀ ਐਸ ਸੀ ਆਨਰਜ਼ (ਖੇਤੀਬਾੜੀ) 6 ਸਾਲਾਂ ਪ੍ਰੋਗਰਾਮ ਲਈ ਖੇਤੀ ਯੋਗਤਾ ਪ੍ਰੀਖਿਆ-2017 (ਏ ਏ ਟੀ) ਲਈ ਗਈ। ਯੂਨੀਵਰਸਿਟੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਐਸ ਸੀ ਆਨਰਜ਼ (ਖੇਤੀਬਾੜੀ) 6 ਸਾਲਾਂ (2+4) ਦੇ ਕੋਰਸ ਲਈ ਖੇਤੀਬਾੜੀ ਇੰਸਟੀਚਿਊਟ, ਬਠਿੰਡਾ ਅਤੇ ਖੇਤੀਬਾੜੀ ਇੰਸਟੀਚਿਊਟ ਗੁਰਦਾਸਪੁਰ ਵਿਖੇ ਦਾਖਲਾ ਲੈਣ ਲਈ ਕੁੱਲ 863 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਕੁੱਲ ਪਹੁੰਚੇ ਵਿਦਿਆਰਥੀਆਂ ਵਿੱਚੋਂ 693 ਮੁੰਡੇ ਅਤੇ 170 ਕੁੜੀਆਂ ਸਨ।

ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਐਨ ਕੇ ਖੁੱਲਰ ਨੇ ਦੱਸਿਆ ਕਿ ਦਾਖਲਾ ਲੈਣ ਲਈ ਪੰਜਾਬ ਭਰ ਤੋਂ ਆਏ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਸੀ। ਕੁੱਲ 120 ਸੀਟਾਂ ਲਈ 933 ਬਿਨੈ ਪੱਤਰ ਪ੍ਰਾਪਤ ਹੋਏ ਸਨ। ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀਏਯੂ ਵਿੱਚ ਖੇਤੀਬਾੜੀ ਨਾਲ ਸੰਬੰਧਤ ਕੋਰਸ ਕਰਨ ਲਈ ਵਿਦਿਆਰਥੀਆਂ ਵਿੱਚ ਬਹੁਤ ਦਿਲਚਸਪੀ ਹੈ। ਇਹ ਕੋਰਸ ਪੇਂਡੂ ਵਰਗ ਦੇ ਮੁੰਡਿਆਂ ਅਤੇ ਕੁੜੀਆਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਇਸ ਟੈਸਟ ਲਈ ਮੈਟ੍ਰਿਕ ਦੀ ਪ੍ਰੀਖਿਆ ਨੂੰ ਅਧਾਰ ਬਣਾਇਆ ਜਾਂਦਾ ਹੈ। ਇਸ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੀਏਯੂ ਵਿਖੇ ਕੁੱਲ ਚਾਰ ਸੈਂਟਰ ਬਣਾਏ ਗਏ।

ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਦੀ ਵੈਬਸਾਈਟ pau.edu ਤੇ ਵੇਖਿਆ ਜਾ ਸਕਦਾ ਹੈ।