Home >> ਕਹਾਣੀਕਾਰ ਅਜਮੇਰ ਸਿੱਧੂ >> ਧਰਮ ਅਤੇ ਵਿਰਸਾ >> ਪੰਜਾਬੀ ਖ਼ਬਰਾਂ >> ਮਨੀਸ਼ਾ ਸ਼ਰਮਾਂ >> ਕਹਾਣੀਕਾਰ ਅਜਮੇਰ ਸਿੱਧੂ ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ
ਕਹਾਣੀਕਾਰ ਅਜਮੇਰ ਸਿੱਧੂ ਨੂੰ ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ
ਲੁਧਿਆਣਾ, 14 ਜੂਨ 2017 (ਮਨੀਸ਼ਾ ਸ਼ਰਮਾ): ਅਦਾਰਾ ਰਾਗ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਗਮ ਅਤੇ ਚੌਹ ਮਾਸਿਕ ਸਾਹਿਤਕ ਵੱਡ ਆਕਾਰੀ ਰਸਾਲੇ ਰਾਗ ਦਾ ਨਵਾਂ ਅੰਕ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਐਨ.ਡੀ.ਟੀ.ਵੀ. ’ਤੇ ਪਏ ਸਰਕਾਰ ਦਬਾਅ ਚੁਣੌਤੀ ਭਰਪੂਰ ਹੋ ਗਈ ਹੈ। ਉਨ੍ਹਾਂ ਆਪਣੀ ਇਕ ਨਿੱਕੀ ਕਵਿਤਾ ਦਾ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਮਾਹੌਲ ਵਿਚ ਤਾਂ ਹੌਕਾ ਲੈਣਾ ਵੀ ਦੇਸ਼ ਧ੍ਰੋਹ ਵਰਗਾ ਹੈ।

ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਸਿੰਘ, ਧਰਵਿੰਦਰ ਸਿੰਘ ਔਲਖ, ਬਲਵੀਰ ਪਰਵਾਨਾ, ਗੁਰਪਾਲ ਲਿੱਟ ਆਦਿ ਸ਼ਾਮਲ ਸਨ।

ਸਮਰੱਥ ਕਹਾਣੀਕਾਰ ਅਜਮੇਰ ਸਿੱਧੂ ਨੂੰ ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ 2017 ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਅਜਮੇਰ ਸਿੱਧੂ ਦਾ ਸਨਮਾਨ ਇਕ ਵਿਚਾਰਧਾਰਾ ਦੀ ਕਹਾਣੀ ਦਾ ਸਨਮਾਨ ਹੈ ਅਤੇ ਰਾਗ ਦਾ ਨਵਾਂ ਅੰਕ ਦਿੱਖ ਅਤੇ ਗੁਣਵੱਤਾ ਦੀ ਟੋਹ ਲਾਉਦਾ ਹੈ। ਡਾ. ਜਸਵੰਤ ਸਿੰਘ ਯਾਦਗਾਰੀ ਟਰੱਸਟ ਨਿਊਯਾਰਕ ਦੇ ਪ੍ਰਤੀਨਿਧ ਅਤੇ ਰਾਗ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਔਲਖ ਨੇ ਸਵਾਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਇਹ ਪੁਰਸਕਾਰ ਅੰਤਰਰਾਸ਼ਟਰੀ ਪੱਧਰ ’ਤੇ ਦਿੱਤਾ ਜਾਇਆ ਕਰੇਗਾ ਅਤੇ ਕਿਸੇ ਵੀ ਦੇਸ਼ ਵਿਚ ਰਹਿੰਦਾ ਕਿਸੇ ਵੀ ਵਿਧਾ ਵਿਚ ਲਿਖਣ ਵਾਲਾ ਪੰਜਾਬੀ ਲੇਖਕ ਇਸ ਪੁਰਸਕਾਰ ਲਈ ਯੋਗ ਮੰਨਿਆ ਜਾਵੇਗਾ। ਇਹ ਪਹਿਲਾ ਪੁਰਸਕਾਰ ਕਹਾਣੀਕਾਰ ਅਜਮੇਰ ਸਿੱਧੂ ਦੇ ਹਿੱਸੇ ਆਇਆ ਹੈ। ਇਸ ਸਨਮਾਨ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ, ਦੋਸ਼ਾਲਾ ਪੱਤਰ ਅਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪਹਿਲਾਂ ਹੀ ਸਾਲ 2003 ਵਿਚ ਅਜਮੇਰ ਸਿੱਧੂ ਨੂੰ ਯੁਵਾ ਕਹਾਣੀਕਾਰ ਪੁਰਸਕਾਰ ਨਾਲ ਸਨਮਾਨਤ ਕਰ ਚੁੱਕੀ ਹੈ।

ਕਹਾਣੀਕਾਰ ਅਜਮੇਰ ਸਿੱਧੂ ਬਾਰੇ ਡਾ. ਰਵਿੰਦਰ ਸਿੰਘ ਘੁੰਮਣ ਨੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਅਜਮੇਰ ਸਿੱਧੂ ਨੇ ਪੰਜਾਬੀ ਕਹਾਣੀ ਵਿਚ ਵਿਗਿਆਨਕ ਨਜ਼ਰੀਏ ਦੇ ਨਾਲ ਨਾਲ ਸਾਈਬਰ ਫਿਕਸ਼ਨ ਲਿਖਣ ਦਾ ਤਜਰਬਾ ਵੀ ਕੀਤਾ ਹੈ। ਇਸ ਮੌਕੇ ਤੇ ਨਵਾਂ ਜ਼ਮਾਨਾ ਦੇ ਮੈਗਜ਼ੀਨ ਸੰਪਾਦਕ ਬਲਵੀਰ ਪਰਵਾਨਾ ਨੇ ਅਜਮੇਰ ਸਿੱਧੂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਇਕ ਸੋਚ ਦਾ ਸਨਮਾਨ ਹੈ।

ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਇਸ ਮੌਕੇ ਅਜਮੇਰ ਸਿੱਧੂ ਨਾਲ ਰਾਗ ਦੀ ਟੀਮ ਨਾਲ ਅਤੇ ਮਾਝੇ ਦੁਆਬੇ ਦੇ ਬਹੁਤ ਸਾਰੇ ਲੇਖਕਾਂ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ ਅਤੇ ਡਾ. ਸੁਰਜੀਤ ਪਾਤਰ ਦੀ ਸੰਗਤ ਦਾ ਮਾਣ ਕੀਤਾ। ਅਕਾਡਮੀ ਦੇ ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਰਸਾਲਿਆਂ ਵਿਚ ਪ੍ਰਸੰਸਾ ਅਤੇ ਵਿਰੋਧ ਦੀ ਥਾਂ ਤੇ ਸੰਬਾਦ ਦੀ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਵੱਡੀ ਗਿਣਤੀ ਵਿਚ ਪਹੁੰਚੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਸਮੇਤ ਪ੍ਰਮੁਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉੱਘੇ ਕਹਾਣੀਕਾਰ ਗੁਰਪਾਲ ਲਿੱਟ ਨੇ ਅਜਮੇਰ ਸਿੱਧੂ ਵਿਚ ਅਗਲੀ ਪੀੜ੍ਹੀ ਦੇ ਨਕਸ਼ ਪਛਾਣਦਿਆਂ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਦੀ ਗੱਲ ਕਹੀ। ਇਸ ਮੌਕੇ ਦੇਸ ਰਾਜ ਕਾਲੀ ਨੇ ਵੀ ਅਜਮੇਰ ਸਿੱਧੂ ਨੂੰ ਵਧਾਈ ਦਿੱਤੀ। ਇਸੇ ਮੌਕੇ ਮੋਹਨਜੀਤ ਕੌਰ ਦੀ ਆਲੋਚਨਾ ਪੁਸਤਕ ‘ਮਦਨਵੀਰਾ ਦੀ ਕਾਵਿ ਚੇਤਨਾ’ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੱਧੂ ਦੀ ਸੁਪਤਨੀ ਸਾਰਾ ਸਿੱਧੂ, ਖੁਸ਼ਵੰਤ ਬਰਗਾੜੀ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਇਕਬਾਲ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭਗਵੰਤ ਰਸੂਲਪੁਰੀ, ਅਜੀਤ ਪਿਆਸਾ, ਪ੍ਰੇਮ ਸਿੰਘ ਬਾਜਾਜ, ਸੁਖਵਿੰਦਰ ਅੰਮਿ੍ਰਤ, ਸੁਰਿੰਦਰ ਰਾਮਪੁਰੀ, ਸਤੀਸ਼ ਗੁਲਾਟੀ, ਸੰਤੋਖ ਸਿੰਘ ਔਜਲਾ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਜਸਮੀਤ ਕੌਰ, ਮਨਪ੍ਰੀਤ ਸ਼ਹਿਨਾਜ਼, ਪਿ੍ਰਥੀਪਾਲ ਸਿੰਘ ਹੇਅਰ, ਗੁਰਮੀਤ ਕੜਿਆਲਵੀ, ਸੰਧੂ ਵਰਿਆਣਵੀ, ਭਗਵਾਨ ਢਿੱਲੋਂ, ਬਲਦੇਵ ਸਿੰਘ ਢੀਂਡਸਾ, ਜਸਵੀਰ ਬੇਗਮਪੁਰੀ, ਦੀਪ ਦਿਲਬਰ, ਭੁਪਿੰਦਰ ਮਾਂਗਟ, ਜਗਮੀਤ ਸਿੰਘ ਪੰਧੇਰ, ਭੁਪਿੰਦਰ ਸਿੰਘ ਚੌਕੀਮਾਨ, ਕਸਤੂਰੀ ਲਾਲ, ਜਸਵੀਰ ਕਲਸੀ, ਜਗਵਿੰਦਰ ਜੋਧਾ, ਰਣਜੀਤ ਸਰਾਂਵਾਲੀ, ਅੰਮਿ੍ਰਤਬੀਰ ਕੌਰ, ਇੰਜ. ਸੁਰਜਨ ਸਿੰਘ, ਮਨਜੀਤ ਸਿੰਘ ਘਣਗਸ, ਬਲਬੀਰ ਸਿੰਘ ਸੂਚ ਐਡਵੋਕੇਟ, ਨਵਰਾਜ ਸਿੰਘ ਸਿੱਧੂ, ਤਰਲੋਚਨ ਝਾਂਡੇ, ਪ੍ਰਭਜੋਤ ਕੌਰ, ਦਲਜੀਤ ਕੌਰ ਸਮੇਤ ਕਾਫੀ ਗਿਣਤੀ ਵਿਚ ਸਥਾਨਕ ਲੇਖਕ ਸ਼ਾਮਲ ਹਨ।