Home >> ਆਨਲਾਈਨ ਨਿਊਜ਼ ਲੁਧਿਆਣਾ >> ਜ਼ਿਲਾ ਪ੍ਰ੍ਸ਼ਾਸ਼ਨ >> ਪੰਜਾਬੀ ਖ਼ਬਰਾਂ >> ਪਾਇਲ >> ਮਲੌਦ >> ਭਾਈ ਮਹਾਰਾਜ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਰਾਜ ਪੱਧਰੀ ਸਮਾਗਮ ਪਿੰਡ ਰੱਬੋਂ ਉੱਚੀ ਵਿਖੇ 5 ਜੁਲਾਈ ਨੂੰ
ਭਾਈ ਮਹਾਰਾਜ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਰਾਜ ਪੱਧਰੀ ਸਮਾਗਮ ਵਾਸਤੇ ਤਿਆਰੀਆਂ ਦਾ ਜਾਇਜ਼ਾ ਲੈਣ ਪਿੰਡ ਰੱਬੋਂ ਉੱਚੀ ਵਿਖੇ ਪੁੱਜੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਹੋਰ
ਪਾਇਲ/ਮਲੌਦ, 30 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਦੇ ਪਹਿਲੇ ਕੌਮੀ ਅਜ਼ਾਦੀ ਘੁਲਾਟੀਏ ਅਤੇ ਸੇਵਾ ਦਾ ਪੁੰਜ ਵਜੋਂ ਜਾਣੇ ਜਾਂਦੇ ਭਾਈ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਮਿਤੀ 5 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10.30 ਵਜੇ ਪਿੰਡ ਰੱਬੋਂ ਉੱਚੀ (ਨੇੜੇ ਪਾਇਲ) ਵਿਖੇ ਮਨਾਇਆ ਜਾ ਰਿਹਾ ਹੈ।

ਪਿੰਡ ਰੱਬੋਂ ਉੱਚੀ ਵਿਖੇ ਇਸ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਇਹ ਸ਼ਹੀਦੀ ਦਿਹਾੜਾ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਾਧੂ ਸਿੰਘ ਧਰਮਸੋਤ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੋਰ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਵੱਖ-ਵੱਖ ਅਹੁਦੇਦਾਰਾਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ ਅਤੇ ਭਾਈ ਮਹਾਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। ਉਨਾਂ ਨੇ ਲੋਕਾਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਵਧ ਚੜ-ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਐੱਸ.ਡੀ.ਐੱਮ. ਪਾਇਲ ਪਰਮਜੀਤ ਸਿੰਘ, ਐੱਸ.ਪੀ. ਖੰਨਾ ਬਲਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ, ਡੀ.ਐੱਸ.ਪੀ. ਰਛਪਾਲ ਸਿੰਘ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਸੀਨੀਅਰ ਕਾਂਗਰਸੀ ਆਗੂ ਅਤੇ ਹੋਰ ਹਾਜ਼ਰ ਸਨ।