Home >> ਸ਼ਰਧਾਂਜ਼ਲੀ ਸਮਾਗਮ >> ਸਿੱਖਿਆ >> ਪੰਜਾਬ ਖੇਤੀਬਾੜੀ ਯੂਨੀਵਰਸਿਟੀ >> ਪੰਜਾਬੀ ਖ਼ਬਰਾਂ >> ਪੀਏਯੂ >> ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਅਤੇ ਇਕਬਾਲ ਰਾਮੂਵਾਲੀਆ ਨਮਿਤ ਸ਼ਰਧਾਂਜਲੀ ਸਮਾਗਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਅਤੇ ਇਕਬਾਲ ਰਾਮੂਵਾਲੀਆ ਨਮਿਤ ਸ਼ਰਧਾਂਜਲੀ ਸਮਾਗਮ
ਲੁਧਿਆਣਾ, 20 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਏਯੂ ਸਾਹਿਤ ਸਭਾ ਵੱਲੋਂ ਵਿੱਛੜੇ ਦੋ ਪ੍ਰਮੁੱਖ ਲੇਖਕਾਂ ਪ੍ਰੋ: ਅਜਮੇਰ ਸਿੰਘ ਔਲਖ ਤੇ ਇਕਬਾਲ ਸਿੰਘ ਰਾਮੂਵਾਲੀਆ ਨਮਿਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਡਾ. ਕੇਸ਼ੋ ਰਾਮ ਸੁਸਾਇਟੀ ਫਾਰ ਥੀਏਟਰ ਐਂਡ ਆਰਟਸ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਸ਼ਹੀਦ ਭਗਤ ਸਿੰਘ ਵਿਦਿਆਰਥੀ ਆਡੀਟੋਰੀਅਮ ਵਿੱਚ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੀਏਯੂ ਦੇ ਸੇਵਾ ਮੁਕਤ ਅਧਿਆਪਕ ਗੁਰਭਜਨ ਗਿੱਲ ਨੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਅਤੇ ਇਕਬਾਲ ਰਾਮੂਵਾਲੀਆ ਦੀ ਮੌਤ ਨਾਲ ਸਭਿਆਚਾਰ ਖੱਪਾ ਪਿਆ ਹੈ ਜੋ ਦੇਸ਼ ਬਦੇਸ਼ ਵਿੱਚ ਵੀ ਪੂਰਨਯੋਗ ਨਹੀਂ ਹੈ। ਅਜਮੇਰ ਜਿੱਥੇ ਨਾਟਕ ਜਗਤ ਦਾ ਰੌਸ਼ਨ ਮੀਨਾਰ ਸੀ ਉਥੇ ਇਕਬਾਲ ਸ਼ਾਇਰੀ, ਵਾਰਤਕ ਤੇ ਗਲਪ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਕਰ ਗਿਆ। ਦੋਹਾਂ ਦਾ ਹੀ ਪਿਛਲੀ ਸਦੀ ਦੇ ਸਤਵੇਂ ਦਹਾਕੇ ਤੋਂ ਹੀ ਪੀਏਯੂ ਲੁਧਿਆਣਾ ਦੇ ਵਿਦਿਆਰਥੀਆਂ ਅਤੇ ਸੰਸਥਾ ਨਾਲ ਨੇੜ ਸੀ।

ਸਮਾਗਮ ਦੇ ਸੰਯੋਜਕ ਡਾ. ਅਨਿਲ ਸ਼ਰਮਾ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਦੇ ਨਾਟਕਾਂ ਨੇ ਮਾਲਵਾ ਖੇਤਰ ਦੇ ਕਲਾਕਾਰਾਂ ਨੂੰ ਕੌਮੀ ਤੇ ਕੌਮਾਂਤਰੀ ਨਕਸ਼ੇ ਤੇ ਉਭਾਰਿਆ, ਆਤਮ ਬਲ ਦਿੱਤਾ ਅਤੇ ਨਿਰੰਤਰ ਪ੍ਰੇਰਨਾ ਨਾਲ ਤੋਰਿਆ। ਉਸ ਦੇ ਨਾਟਕ ਬੇਗਾਨੇ ਬੋਹੜ ਦੀ ਛਾਂ, ਇੱਕ ਰਮਾਇਣ ਹੋਰ, ਨਿਹੁੰਜੜ•, ਤੂੜੀ ਵਾਲਾ ਕੋਠਾ, ਝਨਾਂ ਦੇ ਪਾਣੀ, ਸਾਡੇ ਲਈ ਚਾਨਣ ਮੁਨਾਰਾ ਬਣੇ ਰਹਿਣਗੇ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਨੇ ਪ੍ਰੋ. ਔਲਖ ਨਾਲ 1964 ਤੋਂ ਲਗਾਤਾਰ ਨਿਭੀ ਸਾਂਝ ਦੇ ਹਵਾਲੇ ਨਾਲ ਕਿਹਾ ਕਿ ਉਹ ਤੇਜ਼ ਹਨੇ•ਰੀਆਂ ' ਬਲਦੇ ਚਿਰਾਗ ਜਿਹਾ ਨਾਟਕਕਾਰ ਸੀ। ਉਸ ਨੇ ਮਾਲਵਾ ਆਂਚਲ ਦੀ ਅਣਖ਼ ਨੂੰ ਲਿਖਤੀ ਰੂਪ 'ਚ ਟਕਸਾਲੀ ਸਰੂਪ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਉੱਘੇ ਅਰਥ ਸ਼ਾਸਤਰੀ ਅਤੇ ਭੁੱਟਾ ਕਾਲਜ ਦੇ ਡੀਨ ਡਾ.ਮਾਨ ਸਿੰਘ ਤੂਰ ਨੇ ਕਿਹਾ ਕਿ ਮੈਂ ਅਜਮੇਰ ਸਿੰਘ ਔਲਖ ਦੇ ਨਾਟਕਾਂ ਦਾ ਕਿਰਦਾਰ ਵੀ ਹਾਂ ਤੇ ਨਿਰਦੇਸ਼ਕ ਵੀ ਰਿਹਾ ਹਾਂ। ਇਕਬਾਲ ਰਾਮੂਵਾਲੀਆ ਦੀ ਸ਼ਾਇਰੀ ਤੋਂ ਇਲਾਵਾ ਉਸ ਦੇ ਸਹਿਯੋਗੀ ਸੁਭਾਅ ਦਾ ਵਿਸ਼ੇਸ਼ ਜ਼ਿਕਰ ਕੀਤਾ। ਮੋਗਾ ਤੋਂ ਆਏ ਗ਼ਜ਼ਲਗੋ ਅਮਰ ਸੂਫ਼ੀ ਨੇ ਵੀ ਇਹਨਾਂ ਦੋਹਾਂ ਲੇਖਕਾਂ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ ਜਦ ਕਿ ਹਰਬਖਸ਼ ਸਿੰਘ ਗਰੇਵਾਲ ਨੇ ਅਜਮੇਰ ਨੂੰ ਮੁਹੱਬਤ 'ਚ ਭਿੱਜੀ ਇਨਕਲਾਬੀ ਜੀਵਨ ਵਿਹਾਰ ਵਾਲੀ ਆਤਮਾ ਕਿਹਾ।

ਡਾ.ਅਨਿਲ ਸ਼ਰਮਾ ਨੇ ਕਿਹਾ ਕਿ ਨਵੰਬਰ ਮਹੀਨੇ 'ਚ ਡਾ. ਕੇਸ਼ੋ ਰਾਮ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਨਾਟ-ਉਤਸਵ ਵਿੱਚ ਅਜਮੇਰ ਸਿੰਘ ਔਲਖ ਦੇ ਨਾਟਕ ਵੀ ਵਿਸ਼ੇਸ਼ ਬੁਲਾਵੇ ਤੇ ਖਿਡਾਏ ਜਾਣਗੇ।

ਇਸ ਮੌਕੇ ਔਲਖ ਦੇ ਨਾਟਕਾਂ 'ਚ ਅਦਾਕਾਰੀ ਕਰਨ ਵਾਲੇ ਵਿਦਿਆਰਥੀਆਂ ਹਰਦੀਪ ਸਿੰਘ (ਸੁਪਰ ਸਿੰਘ ਫਿਲਮ ਦਾ ਅਦਾਕਾਰ) ਤੇ ਸਰਬਜੀਤ ਸਿੰਘ ਤੋਂ ਇਲਾਵਾ ਇੱਕ ਲੜਕੀ ਨੇ ਵੀ ਔਲਖ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਮੌਕੇ ਖੇਤੀ ਲਾਗਤ ਤੇ ਮੁੱਖ ਕਮਿਸ਼ਨ ਦੇ ਸਾਬਕਾ ਮੈਂਬਰ ਮਹਿੰਦਰ ਸਿੰਘ ਗਰੇਵਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਦਿਆਰਥੀ ਭਲਾਈ ਅਫਸਰ ਪ੍ਰਭਜੀਤ ਕੌਰ ਗਿੱਲ, ਮਨਜੀਤ ਸਿੰਘ ਸਿਡਾਨਾ ਤੋਂ ਇਲਾਵਾ ਵਿਦਿਆਰਥੀਆਂ ਨੇ ਭਾਗ ਲਿਆ।