Home >> ਅਪਰਾਧ >> ਆਨਲਾਈਨ ਨਿਊਜ਼ ਲੁਧਿਆਣਾ >> ਆਰ ਐੱਨ ਢੋਕੇ >> ਪੰਜਾਬੀ ਖ਼ਬਰਾਂ >> ਪੁਲਿਸ ਕਮਿਸ਼ਨਰ ਲੁਧਿਆਣਾ >> ਲੁਧਿਆਣਾ ਪੁਲਿਸ ਵਲੋਂ ਜਲੰਧਰ ਬਾਈਪਾਸ ਤੋਂ ਖੋਹੀ ਡਸਟਰ ਕਾਰ ਬਰਾਮਦ, ਪੰਜ ਦੋਸ਼ੀ ਗਿਰਫ਼ਤਾਰ
ਪੁਲਿਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਅਤੇ ਹੋਰ ਪੁਲਿਸ਼ ਅਫਸਰ ਪੱਤਰਕਾਰ ਸੰਮੇਲਨ ਦੌਰਾਨ
ਲੁਧਿਆਣਾ, 19 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਲੁਧਿਆਣਾ ਪੁਲਿਸ ਨੇ ਮੁਸ਼ਤੈਦੀ ਤੋਂ ਕੰਮ ਲੈਂਦਿਆਂ ਬੀਤੇ ਦਿਨੀਂ ਸਥਾਨਕ ਜਲੰਧਰ ਬਾਈਪਾਸ ਕੋਲੋਂ ਕੁੱਟਮਾਰ ਕਰਕੇ ਖੋਹੀ ਕਾਰ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਖੋਹੀ ਹੋਈ ਕਾਰ ਸਮੇਤ ਦੋ ਕਾਰਾਂ, ਇੱਕ ਖਿਡੌਣਾ ਪਿਸਤੌਲ ਅਤੇ ਇੱਕ ਗੰਡਾਸਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ 5 ਦੋਸ਼ੀਆਂ ਵਿੱਚੋਂ 4 ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹਨ।

ਇਸ ਸੰਬੰਧੀ ਸੱਦੀ ਗਈ ਪੱਤਰਕਾਰ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਰ. ਐੱਨ. ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਲੰਘੀ 18 ਜੂਨ, 2017 ਦੀ ਸਵੇਰ ਨੂੰ ਮੁਕੇਸ਼ ਕੁਮਾਰ ਧਾਮੀ ਪੁੱਤਰ ਲਕਸ਼ਮਣ ਸਿੰਘ ਧਾਮੀ ਵਾਸੀ ਡੀ-39 ਨਾਭਾ ਹਾਊਸ ਪੰਜਾਬ ਸਟੇਟ, ਹਾਸ਼ਮੀ ਮਾਰਗ ਮੰਡੀ ਹਾਊਸ ਨਵੀਂ ਦਿੱਲੀ ਅਤੇ ਮਾਸੀ ਦੇ ਲੜਕੇ ਪ੍ਰਵੀਨ ਕੁਮਾਰ ਨਾਲ ਜਲੰਧਰ ਤੋਂ ਦਿੱਲੀ ਜਾ ਰਿਹਾ ਸੀ। ਉਹ ਪਾਣੀ ਦੀ ਬੋਤਲ ਲੈਣ ਲਈ ਜਲੰਧਰ ਬਾਈਪਾਸ ਕੋਲ ਖੋਖੇ ਵਾਲੇ ਕੋਲ ਰੁਕੇ ਤਾਂ ਫੋਰਡ ਇੰਡੇਵਰ ਕਾਰ ਵਿੱਚ ਪਹੁੰਚੇ 5 ਦੋਸ਼ੀ, ਮੁਕੇਸ਼ ਅਤੇ ਪ੍ਰਵੀਨ ਤੋਂ ਗੱਡੀ (ਕਾਰ ਡਸਟਰ ਨੰਬਰ ਡੀ. ਐੱਲ. 1 ਐਨ 8625) ਖੋਹ ਕੇ ਫਰਾਰ ਹੋ ਗਏ। ਕਾਰ ਵਿੱਚ ਮੁਕੇਸ਼ ਦਾ ਲੈਪਟਾਪ, ਮੋਬਾਈਲ ਫੋਨ ਅਤੇ ਕੱਪੜਿਆਂ ਵਾਲਾ ਬੈਗ ਵੀ ਪਏ ਸਨ।

ਇਸ ਸੰਬੰਧੀ ਮਾਮਲਾ ਧਿਆਨ ਵਿੱਚ ਆਉਣ 'ਤੇ ਮੁਕੱਦਮਾ ਨੰਬਰ 191 ਮਿਤੀ 18-06-17 ਅ/ਧ 379ਬੀ ਭ ਦੰਡ ਥਾਣਾ ਸਲੇਮ ਟਾਬਰੀ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਅਤੇ ਗਗਨ ਅਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ (ਜਾਂਚ) ਦੀ ਅਗਵਾਈ ਵਿੱਚ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਹੈਬੋਵਾਲ ਦੇ ਸੁੰਨਸਾਨ ਖੇਤਰ ਤੋਂ ਖੋਹੀ ਹੋਈ ਕਾਰ ਬਰਾਮਦ ਕੀਤੀ ਗਈ ਅਤੇ ਪੰਜ ਦੋਸ਼ੀਆਂ ਲਵਿਸ਼ ਕੁਮਾਰ ਵਾਸੀ ਬੈਕਸਾਈਡ ਮੱਲ੍ਹੀ ਫਾਰਮ ਚੰਦਰ ਨਗਰ ਲੁਧਿਆਣਾ, ਮਨਦੀਪ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਮਾਨ ਥਾਣਾ ਤਿੱਬੜ ਜ਼ਿਲ੍ਹਾ ਗੁਰਦਾਸਪੁਰ, ਸਾਗਰ ਮਸੀਹ ਪੁੱਤਰ ਜੇਮਜ਼ ਮਸੀਹ ਵਾਸੀ ਪਿੰਡ ਪਿੰਡਾ ਰੋਡੀ ਥਾਣਾ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ, ਸ਼ੈਲੀ ਕੁਮਾਰ ਪ੍ਰਬੋਦ ਨਗਰ ਗੁਰਦਾਸਪੁਰ ਅਤੇ ਸੁਨੀਲ ਕੁਮਾਰ ਵਾਸੀ ਕਾਰਾਬਾਰਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਖੋਹੀ ਹੋਈ ਕਾਰ ਸਮੇਤ ਵਾਰਦਾਤ ਵੇਲੇ ਵਰਤੀ ਚਿੱਟੇ ਰੰਗ ਦੀ ਫੋਰਡ ਇੰਡੇਵਰ ਕਾਰ (ਪੀ. ਬੀ. 56 ਏ 0078), ਇੱਕ ਖਿਡੌਣਾ ਪਿਸਤੌਲ ਅਤੇ ਇੱਕ ਗੰਡਾਸਾ ਬਰਾਮਦ ਕੀਤਾ ਗਿਆ ਹੈ।

5 ਦੋਸ਼ੀਆਂ ਵਿੱਚੋਂ 4 ਦੋਸ਼ੀਆਂ ਮਨਦੀਪ ਮਸੀਹ, ਸ਼ੈਲੀ ਕੁਮਾਰ, ਸਾਗਰ ਮਸੀਹ ਅਤੇ ਲਵਿਸ ਕੁਮਾਰ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਲਵਿਸ ਕੁਮਾਰ ਦੇ ਘਰ ਤੋਂ ਭਾਰੀ ਮਾਤਰਾ ਵਿੱਚ ਡਰੱਗਜ਼ ਵੀ ਬਰਾਮਦ ਹੋਈਆਂ ਹਨ। ਜਿਸ ਸੰਬੰਧੀ ਮੁਕੱਦਮਾ ਨੰਬਰ 89 ਮਿਤੀ 19-06-17 ਅ/ਧ ਪ੍ਰਵੈਨਸ਼ਨ ਆਫ਼ ਡਰੱਗਜ਼ ਐਂਡ ਕੋਸਮੈਟਿਕ ਐਕਟ 1940 ਥਾਣਾ ਹੈਬੋਵਾਲ ਲੁਧਿਆਣਾ ਵਿਖੇ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਮਨਦੀਪ ਮਸੀਹ ਰਿਸ਼ਤੇਦਾਰੀ ਵਿੱਚੋਂ ਸਾਗਰ ਮਸੀਹ ਦਾ ਭਰਾ ਲੱਗਦਾ ਹੈ ਅਤੇ ਸ਼ੈਲੀ ਕੁਮਾਰ ਸਾਲ 2016 ਤੋਂ ਮਨਦੀਪ ਮਸੀਹ ਨੂੰ ਗੁਰਦਾਸਪੁਰ ਕਾਲਜ ਤੋਂ ਜਾਣਦਾ ਸੀ। ਮਨਦੀਪ ਮਸੀਹ ਅਤੇ ਸੁਨੀਲ ਕੁਮਾਰ, ਲੁਧਿਆਣਾ ਵਾਸੀ ਲਵਿਸ ਕੁਮਾਰ ਨੂੰ ਦੋਸਤੀ ਕਾਰਨ ਜਾਣਦੇ ਹਨ।

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਨ੍ਹਾਂ ਦੋਸ਼ੀਆਂ ਨੇ ਇਹ ਕਾਰ ਖੋਹ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਗਗਨ ਅਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ (ਜਾਂਚ), ਏ. ਡੀ. ਸੀ. ਪੀ.ਸਤਨਾਮ ਸਿੰਘ ਅਤੇ ਬਲਕਾਰ ਸਿੰਘ ਬਰਾੜ, ਏ. ਸੀ. ਪੀ. ਮਨਿੰਦਰ ਸਿੰਘ ਬੇਦੀ ਅਤੇ ਹੋਰ ਵੀ ਹਾਜ਼ਰ ਸਨ।